ਪੁਲ਼ ਨੇੜਿਓਂ ਮਿਲੀ ਲਾਸ਼! ਸਿਰ ''ਤੇ ਸੱਟ ਦੇ ਨਿਸ਼ਾਨ, ਪੁਲਸ ਵੱਲੋਂ ਜਾਂਚ ਜਾਰੀ
Monday, Aug 10, 2026 - 04:47 PM (IST)
ਲੁਧਿਆਣਾ (ਰਾਜ): ਢੰਡਾਰੀ ਕਲਾਂ ਇਲਾਕੇ ਵਿਚ ਲੋਹੇ ਦੇ ਪੁਲ਼ ਨੇੜੇ ਇਕ 50 ਸਾਲਾ ਵਿਅਕਤੀ ਦੀ ਭੇਤਭਰੀ ਹਾਲਤ ਵਿਚ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ। ਰਾਹਗੀਰਾਂ ਨੇ ਸੜਕ ਕੰਢੇ ਲਾਸ਼ ਪਈ ਵੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕੀਤੀ।
ਪੁਲਸ ਮੁਤਾਬਕ, ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੇ ਸਿਰ 'ਤੇ ਕਿਸੇ ਭਾਰੀ ਜਾਂ ਧਾਰਦਾਰ ਚੀਜ਼ ਨਾਲ ਵਾਰ ਕੀਤੇ ਜਾਣ ਦੇ ਡੂੰਘੇ ਨਿਸ਼ਾਨ ਹਨ। ਮੌਕੇ 'ਤੇ ਮ੍ਰਿਤਕ ਨੇੜੇ ਇਕ ਬਟਨ ਵਾਲਾ ਮੋਬਾਈਲ ਫ਼ੋਨ ਪਿਆ ਮਿਲਿਆ, ਜਦਕਿ ਉਸ ਦੀ ਜੇਬ ਵਿਚ ਇਕ ਛੋਟੀ ਡਾਇਰੀ ਵੀ ਬਰਾਮਦ ਕੀਤੀ ਗਈ ਹੈ। ਹਾਲਾਂਕਿ, ਪਾਣੀ ਵਿਚ ਭਿੱਜੇ ਹੋਣ ਕਾਰਨ ਡਾਇਰੀ ਵਿਚ ਲਿਖੇ ਨੰਬਰ ਤੇ ਲਿਖਾਵਟ ਸਾਫ਼ ਤੌਰ 'ਤੇ ਨਹੀਂ ਪੜ੍ਹੀ ਜਾ ਸਕੀ। ਪੁਲਸ ਨੂੰ ਖ਼ਦਸ਼ਾ ਹੈ ਕਿ ਵਿਅਕਤੀ ਦੇ ਨਾਲ ਲੁੱਟ-ਖੋਹ ਦੀ ਕੋਸ਼ਿਸ਼ ਹੋਈ ਹੋ ਸਕਦੀ ਤੇ ਵਿਰੋਧ ਕਰਨ 'ਤੇ ਸਿਰ 'ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਸਿੱਟੇ 'ਤੇ ਨਹੀਂ ਪਹੁੰਚਿਆ ਜਾ ਸਕਦਾ। ਫ਼ਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗਣ ਮਗਰੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ।
