ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ
Wednesday, Aug 05, 2026 - 04:23 PM (IST)
ਖੰਨਾ (ਵਿਪਨ): ਖੰਨਾ ਪੁਲਸ ਨੇ ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਕ ਸ਼ਾਤਰ ਲੁਟੇਰਾ ਗੈਂਗ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਸ ਦਾ ਦਾਅਵਾ ਹੈ ਕਿ ਇਹ ਗੈਂਗ ਖੰਨਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਲੁੱਟ-ਖੋਹ ਅਤੇ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਐੱਸ.ਪੀ. (ਜਾਂਚ) ਪਵਨਜੀਤ ਨੇ ਦੱਸਿਆ ਕਿ ਸਿਟੀ ਥਾਣਾ-2 ਦੇ ਐੱਸ.ਐੱਚ.ਓ. ਤਰਵਿੰਦਰ ਕੁਮਾਰ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਰਾਜਧਾਨੀ ਇਨਕਲੇਵ ਨੇੜੇ ਮਾਲੇਰਕੋਟਲਾ ਰੋਡ ਤੋਂ ਯਾਦਵਿੰਦਰ ਸਿੰਘ ਉਰਫ ਜਿੰਮੀ, ਅਸਲਮ ਮੁਹੰਮਦ ਉਰਫ ਆਸ਼ੂ, ਸੁਖਦੀਪ ਸਿੰਘ ਉਰਫ ਪੋਪੋ ਅਤੇ ਦਵਿੰਦਰ ਕੌਰ ਨੂੰ ਕਾਬੂ ਕੀਤਾ ਗਿਆ। ਸਾਰੇ ਮੁਲਜ਼ਮ ਮਲੇਰਕੋਟਲਾ ਦੇ ਪਿੰਡ ਬਾਗੜੀਆਂ ਦੇ ਰਹਿਣ ਵਾਲੇ ਹਨ। ਇਕ ਹੋਰ ਮੁਲਜ਼ਮ ਗੁਰਮੀਤ ਕੌਰ ਹਾਲੇ ਫਰਾਰ ਹੈ।
ਪੁਲਸ ਅਨੁਸਾਰ ਮੁਲਜ਼ਮ ਰਾਹਗੀਰਾਂ, ਬਜ਼ੁਰਗਾਂ, ਔਰਤਾਂ ਅਤੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਹ ਮੋਬਾਈਲ ਫੋਨ, ਨਕਦੀ, ਸੋਨੇ ਦੀਆਂ ਚੇਨਾਂ, ਵਾਲੀਆਂ ਅਤੇ ਹੋਰ ਕੀਮਤੀ ਸਾਮਾਨ ਖੋਹ ਲੈਂਦੇ ਸਨ। ਇਸ ਤੋਂ ਇਲਾਵਾ ਸਕੂਟਰ ਅਤੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਰਦੇ ਸਨ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਂਗ ਨੇ ਖੰਨਾ, ਸਮਰਾਲਾ, ਫਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਪਟਿਆਲਾ, ਲੁਧਿਆਣਾ ਦਿਹਾਤੀ ਅਤੇ ਬਰਨਾਲਾ ਸਮੇਤ ਕਈ ਜ਼ਿਲ੍ਹਿਆਂ ਵਿਚ 12 ਤੋਂ 13 ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚਾਰ ਸੋਨੇ ਦੀਆਂ ਚੇਨਾਂ, ਚਾਰ ਜੋੜੇ ਸੋਨੇ ਦੀਆਂ ਵਾਲੀਆਂ, ਇੱਕ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ਅਤੇ ਇੱਕ ਲੋਹੇ ਦਾ ਦਾਹ ਵੀ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗੈਂਗ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਕਈ ਵਾਰਦਾਤਾਂ ਦੇ ਖੁਲਾਸੇ ਦੀ ਸੰਭਾਵਨਾ ਹੈ। ਫਰਾਰ ਮੁਲਜ਼ਮ ਨੂੰ ਜਲਦੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਖੰਨਾ ਪੁਲਿਸ ਨੇ ਕਿਹਾ ਕਿ ਸੰਗਠਿਤ ਅਪਰਾਧ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ।
