ਐਂਬੂਲੈਂਸ ਨਾ ਪਹੁੰਚਣ ''ਤੇ ਗੰਭੀਰ ਹਾਲਤ ''ਚ ਗਰਭਵਤੀ ਔਰਤ ਨੇ ਬੱਚੇ ਨੂੰ ਘਰ ''ਚ ਹੀ ਦਿੱਤਾ ਜਨਮ

11/12/2017 12:21:58 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਪੰਜਾਬ ਸਰਕਾਰ ਵਲੋਂ 108 ਐਂਬੂਲੈਂਸ ਵੈਨ ਰਾਹੀ ਦਿੱਤੀ ਜਾ ਰਹੀ ਸਹੂਲਤ ਦਾ ਲਾਭ ਲੋਕਾਂ ਨੂੰ ਕਿੰਨਾਂ ਸਹੀ ਢੰਗ ਨਾਲ ਮਿਲ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਪਿੰਡ ਝਬਾਲ ਸਥਿਤ ਹਵੇਲੀਆਂ ਦੇ ਇਕ ਕਿਸਾਨ ਦੇ ਸੀਰੀ ਰਹੇ ਪ੍ਰਵਾਸੀ ਤੋਂ ਮਿਲਦੀ ਹੈ ਜਿਸ ਦੀ ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਣ ਲਈ 108 ਕੰਟਰੌਲ ਰੂਮ 'ਤੇ ਫੋਨ ਕਰਨ ਤੋਂ ਬਾਅਦ ਐਂਬੂਲੈਂਸ 3 ਘੰਟੇ ਲੇਟ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੱਕ ਗਰਭਵਤੀ ਨੇ ਤੜਫ਼-ਤੜਫ਼ ਕੇ ਘਰੇ ਹੀ ਬੱਚੇ ਨੂੰ ਜਨਮ ਦੇ ਦਿੱਤਾ। 
ਜਾਣਕਾਰੀ ਦਿੰਦਿਆਂ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਕੋਲ ਉਤਰਪ੍ਰਦੇਸ਼ ਦੇ ਕਸਬਾ ਰਾਜਾਪੁਰ ਕਲਾਂ ਦਾ ਇਕ ਪ੍ਰਵਾਸੀ ਰਿਖੀ ਰਾਮ ਆਪਣੀ ਪਤਨੀ ਗੀਤਾ ਅਤੇ ਬੱਚਿਆਂ ਸਮੇਤ ਸੀਰੀ ਵਜੋਂ ਰਹਿ ਰਿਹਾ ਹੈ। ਉਸ ਨੇ ਦੱਸਿਆ ਰਿਖੀ ਰਾਮ ਦੀ ਪਤਨੀ ਗੀਤਾ ਗਰਭਵਤੀ ਸੀ ਅਤੇ ਐਤਵਾਰ ਨੂੰ ਤੜਕਸਾਰ 4ਵਜੇ ਜਦੋਂ ਉਸਨੂੰ ਜਨੇਪਾ ਪੀੜਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਵਲੋਂ ਤਰੁੰਤ 108 ਕੰਟਰੌਲ ਰੂਮ 'ਤੇ ਸੂਚਿਤ ਕਰਦਿਆਂ ਐਂਬੂਲੈਂਸ ਭੇਜਣ ਦੀ ਬੇਨਤੀ ਕੀਤੀ ਗਈ। ਉਸ ਨੇ ਦੱਸਿਆ ਕਿ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਕਰੀਬ 3 ਘੰਟੇ ਬਾਅਦ 7 ਵਜੇ 108 ਐਂਬੂਲੈਂਸ ਵੈਨ ਪਹੁੰਚੀ ਪਰ ਉਦੋਂ ਤੱਕ ਗੀਤਾ ਨੇ ਤੜਫ਼-ਤੜਫ਼ ਕੇ ਬੱਚੇ ਨੂੰ ਘਰੇ ਹੀ ਜਨਮ ਦੇ ਦਿੱਤਾ ਸੀ। ਨਿਰਮਲ ਸਿੰਘ ਨੇ ਦੱਸਿਆ ਕਿ ਜੱਚਾ ਬੱਚਾ ਦੀ ਜਾਂਚ ਕਰਾਉਣ ਲਈ ਉਹ ਐਂਬੂਲੈਂਸ ਰਾਹੀ ਗੀਤਾ ਅਤੇ ਉਸਦੇ ਬੱਚੇ ਨੂੰ ਸਰਕਾਰੀ ਹਸਪਤਾਲ ਝਬਾਲ ਵਿਖੇ ਲੈ ਗਏ ਪਰ ਹਸਪਤਾਲ 'ਚ ਉਥੇ ਹਾਜ਼ਰ ਸਟਾਫ਼ ਵੱਲੋਂ ਇਹ ਕਹਿ ਕੇ ਗੀਤਾ ਨੂੰ ਦਾਖ਼ਲ ਨਹੀਂ ਕੀਤਾ ਗਿਆ ਕਿ ਐਤਵਾਰ ਦੀ ਛੁੱਟੀ ਹੋਣ ਕਰਕੇ ਡਾਕਟਰੀ ਅਮਲਾ ਮੌਜ਼ੂਦ ਨਹੀਂ ਹੈ ਅਤੇ ਨਾ ਹੀ ਗੀਤਾ ਅਤੇ ਉਸਦੇ ਨਵਜੰਮੇ ਬੱਚੇ ਨੂੰ ਕੋਈ ਟੀਕਾਕਰਨ ਕੀਤਾ ਗਿਆ ਹੈ। ਨਿਰਮਲ ਸਿੰਘ ਨੇ ਐਂਬੂਲੈਂਸ 108 ਅਤੇ ਸਰਕਾਰੀ ਹਸਪਤਾਲ ਝਬਾਲ ਦੇ ਡਾਕਟਰਾਂ 'ਤੇ ਕੁਤਾਹੀ ਵਰਤਨ ਦੇ ਦੋਸ਼ ਲਾਉਦਿਆਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। 
108 ਐਂਬੂਲੈਂਸ ਟੀਮ ਲੀਡਰ ਸੰਜੀਵ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਮਰੀਜ਼ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਫੋਨ 4 ਵਜੇ ਨਹੀਂ 5:04 ਵਜੇ ਸਵੇਰੇ ਕਾਲਰ ਨਿਰਮਲ ਸਿੰਘ ਵੱਲੋਂ ਕੀਤਾ ਗਿਆ ਸੀ ਪਰ 5:06 ਵਜੇ ਮੁੜ ਕਾਲਰ ਨੇ ਫੋਨ ਕਰਕੇ ਐਂਬੂਲੈਂਸ ਸੇਵਾਵਾਂ ਲੈਣ ਤੋਂ ਮਨਾਂ ਕਰ ਦਿੱਤਾ ਸੀ ਕਿ ਗਰਭਵਤੀ ਦਾ ਜਨੇਪਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 6:35 ਵਜੇ ਮੁੜ ਕਿਸੇ ਹੋਰ ਕਾਲਰ ਵੱਲੋਂ ਫੋਨ ਕੀਤਾ ਗਿਆ ਸੀ ਕਿ ਇਕ ਨਵਜੰਮੇ ਬੱਚੇ ਨੂੰ ਹਸਪਤਾਲ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਫੋਨ ਆਉਣ ਉਪਰੰਤ ਉਨ੍ਹਾਂ ਵੱਲੋਂ ਤਰੁੰਤ ਐਂਬੂਲੈਂਸ ਵੈਨ ਸਬੰਧਤ ਮਰੀਜ਼ ਦੇ ਐਡਰੈਸ 'ਤੇ ਭੇਜ ਦਿੱਤੀ ਗਈ ਸੀ।
ਸਿਵਲ ਸਰਜ ਡਾ. ਸ਼ਮਸ਼ੇਰ ਸਿੰਘ ਨੇ ਉਕਤ ਮਾਮਲਾ ਸਾਹਮਣੇ ਆਉਣ 'ਤੇ ਗੰਭੀਰ ਨੋਟਿਸ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਹਸਪਤਾਲ 'ਚ 24 ਘੰਟੇ ਡਾਕਟਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਲਾਤਾਂ 'ਚ ਹਸਪਤਾਲ 'ਚ ਇਕ ਡਾਕਟਰ, ਸਟਾਫ ਨਰਸ ਅਤੇ ਇਕ ਫਾਰਮਾਸ਼ਿਸ਼ ਮੌਜ਼ੂਦ ਰਹਿੰਦੇ ਹਨ ਤਾਂ ਫਿਰ ਜਨੇਪਾ-ਧਾਰਕ ਨੂੰ ਹਸਪਤਾਲ 'ਚ ਦਾਖ਼ਲ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਐੱਸ. ਐੱਮ. ਓ. ਤੋਂ ਤਰੁੰਤ ਰਿਪੋਰਟ ਲਈ ਜਾਵੇਗੀ ਅਤੇ ਜੇਕਰ ਵਿਭਾਗੀ ਤੌਰ 'ਤੇ ਕੁਤਾਹੀ ਸਾਹਮਣੇ ਆਈ ਤਾਂ ਐਕਸ਼ਨ ਲਿਆ ਜਾਵੇਗਾ। 
 


Related News