PGI ’ਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਪ੍ਰਸ਼ਾਸਕ ਨੇ ਲਿਆ ਗੰਭੀਰ ਨੋਟਿਸ

04/23/2024 1:45:16 PM

ਚੰਡੀਗੜ੍ਹ (ਰਾਏ) : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੀ. ਜੀ. ਆਈ. ਦੇ ਅਧਿਕਾਰੀਆਂ ਨੂੰ ਮਰੀਜ਼ਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੀ. ਜੀ. ਆਈ. ’ਚ ਹਾਲ ਹੀ ’ਚ ਵਾਪਰੀਆਂ ਅੱਗ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਸ਼ਾਸਕ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਹੋਈ। ਇਸ ’ਚ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਇਨ੍ਹਾਂ ’ਚ ਰਾਜੀਵ ਵਰਮਾ ਸਲਾਹਕਾਰ, ਨਿਤਿਨ ਕੁਮਾਰ ਯਾਦਵ, ਆਈ. ਏ. ਐੱਸ., ਗ੍ਰਹਿ ਸਕੱਤਰ, ਵਿਜੇ ਨਾਮਦੇਵ ਰਾਓ ਜੇਡ, ਵਿੱਤ ਸਕੱਤਰ, ਅਨੰਦਿਤਾ ਮਿੱਤਰਾ, ਨਗਰ ਨਿਗਮ ਕਮਿਸ਼ਨਰ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਡਾ. ਵਿਵੇਕ ਲਾਲ, ਡਾਇਰੈਕਟਰ ਪੀ. ਜੀ. ਆਈ. ਐੱਮ. ਈ. ਆਰ., ਹੋਰ ਸੀਨੀਅਰ ਅਧਿਕਾਰੀ, ਪੀ. ਜੀ. ਆਈ. ਦੇ ਇੰਜੀਨੀਅਰ ਤੇ ਡਾਕਟਰ, ਪ੍ਰਸ਼ਾਸਨ ਤੇ ਐੱਮ. ਸੀ. ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਪ੍ਰਸ਼ਾਸਕ ਨੇ ਕਿਹਾ ਕਿ ਪੀ. ਜੀ. ਆਈ. ਨੂੰ ਮੁਲਾਜ਼ਮਾਂ ਨੂੰ ਨਿਯਮਤ ਤੌਰ ’ਤੇ ਸਿਖਲਾਈ ਦੇਣੀ ਚਾਹੀਦੀ ਹੈ, ਨਿਕਾਸੀ ਯੋਜਨਾਵਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਅੱਗ ਸੁਰੱਖਿਆ ਲਈ ਜਾਗਰੂਕਤਾ ਵਧਾਉਣੀ ਚਾਹੀਦੀ ਹੈ।

ਉਨ੍ਹਾਂ ਨਗਰ ਨਿਗਮ ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਦੇ ਨਾਲ ਹੀ ਪੀ. ਜੀ. ਆਈ. ਇੰਜੀਨੀਅਰਿੰਗ ਅਧਿਕਾਰੀਆਂ ਵੱਲੋਂ ਪਾਲਣਾ ਨਾ ਕੀਤੇ ਜਾਣ ਦਾ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਐੱਮ. ਸੀ. ਸੀ. ਦੇ ਫਾਇਰ ਐਂਡ ਰੈਸਕਿਊ ਸਰਵਿਸਿਜ਼ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਕਈ ਖਾਮੀਆਂ ਮਿਲੀਆਂ ਅਤੇ ਪੀ. ਜੀ. ਆਈ. ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਕੁੱਝ ਨਹੀਂ ਹੋਇਆ ਤੇ ਇੱਥੋਂ ਤੱਕ ਕਿ ਪੀ. ਜੀ. ਆਈ. ਅਧਿਕਾਰੀਆਂ ਨੇ ਫਾਇਰ ਸੇਫਟੀ ਸਰਟੀਫਿਕੇਟ ਲੈਣ ਦੀ ਵੀ ਖੇਚਲ ਨਹੀਂ ਕੀਤੀ।
 


Babita

Content Editor

Related News