ਬ੍ਰਿਟੇਨ : ਨਗਰ ਕੌਂਸਲ ਚੋਣਾਂ ’ਚ ਮੁਸਲਿਮ ਉਮੀਦਵਾਰਾਂ ਨੇ ਕਈ ਸੀਟਾਂ ’ਤੇ ਲੇਬਰ ਪਾਰਟੀ ਨੂੰ ਦਿੱਤੀ ਕਰਾਰੀ ਹਾਰ

Tuesday, May 07, 2024 - 10:03 AM (IST)

ਬ੍ਰਿਟੇਨ : ਨਗਰ ਕੌਂਸਲ ਚੋਣਾਂ ’ਚ ਮੁਸਲਿਮ ਉਮੀਦਵਾਰਾਂ ਨੇ ਕਈ ਸੀਟਾਂ ’ਤੇ ਲੇਬਰ ਪਾਰਟੀ ਨੂੰ ਦਿੱਤੀ ਕਰਾਰੀ ਹਾਰ

ਲੰਡਨ (ਇੰਟ) : ਬਰਤਾਨੀਆ ਵਿਚ 2 ਮਈ ਨੂੰ 2000 ਤੋਂ ਵੱਧ ਨਗਰ ਕੌਂਸਲਾਂ ਲਈ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ’ਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਪਛਾੜਦੇ ਹੋਏ ਲੇਬਰ ਪਾਰਟੀ ਨੇ ਦੇਸ਼ ਭਰ ਦੀਆਂ ਸਥਾਨਕ ਕੌਂਸਲਾਂ ਵਿਚ ਲੀਡ ਲੈ ਲਈ। ਇਸ ਚੋਣ ’ਚ ਇਕ ਹੋਰ ਖਾਸ ਗੱਲ ਇਹ ਰਹੀ ਕਿ ਕਈ ਨਗਰ ਕੌਂਸਲਾਂ ਵਿਚ ਮੁਸਲਿਮ ਉਮੀਦਵਾਰ ਲੇਬਰ ਪਾਰਟੀ ਨੂੰ ਹਰਾਉਣ ਵਿਚ ਕਾਮਯਾਬ ਹੋਏ ਹਨ।

ਇਨ੍ਹਾਂ ਮੁਸਲਿਮ ਉਮੀਦਵਾਰਾਂ ਦਾ ਚੋਣ ਪ੍ਰਚਾਰ ਦੇਸ਼ ਦੇ ਹੋਰਨਾਂ ਉਮੀਦਵਾਰਾਂ ਦੇ ਉਲਟ ਸਿੱਖਿਆ, ਸਮਾਜਿਕ ਦੇਖਭਾਲ, ਕੂੜਾ ਸੰਭਾਲਣ ਅਤੇ ਸ਼ਹਿਰਾਂ ਵਿਚ ਪਾਰਕਾਂ ਸਮੇਤ ਕੌਂਸਲ ਸੇਵਾਵਾਂ ਨੂੰ ਬਿਹਤਰ ਬਣਾਉਣ ’ਤੇ ਕੇਂਦਰਿਤ ਨਹੀਂ ਸੀ, ਸਗੋਂ ਉਨ੍ਹਾਂ ਦਾ ਚੋਣ ਏਜੰਡਾ ‘ਇਜ਼ਰਾਈਲ-ਹਮਾਸ ਜੰਗ’ ਸੀ ਅਤੇ ਉਨ੍ਹਾਂ ਨੇ ਚੋਣ ਪ੍ਰਚਾਰ ਵਿਚ ਖੁੱਲ੍ਹ ਕੇ ਹਮਾਸ ਦੇ ਪੱਖ ਵਿਚ ਵੋਟਾਂ ਮੰਗੀਆਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁਸਲਿਮ ਵੋਟਰਾਂ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।

ਉਦਾਹਰਣ ਵਜੋਂ ਗ੍ਰੀਨ ਪਾਰਟੀ ਦੇ ਉਮੀਦਵਾਰ ਮੋਥਿਨ ਅਲੀ ਨੇ ਲੀਡਜ਼ ਸਿਟੀ ਕੌਂਸਲ ਦੀ ਸੀਟ ਜਿੱਤੀ ਹੈ। ਗਿਪਟਨ ਅਤੇ ਹਾਰਹਿਲਸ ਸੀਟ ਤੋਂ 3070 ਵੋਟਾਂ ਨਾਲ ਜਿੱਤਣ ਵਾਲੇ ਮੋਥਿਨ ਅਲੀ ਨੇ ਆਪਣੇ ਸਮਰਥਕਾਂ ਨਾਲ ‘ਅੱਲਾ-ਹੂ-ਅਕਬਰ’ ਦੇ ਨਾਅਰੇ ਲਾਏ। ਜਦੋਂ ਇਹ ਨਾਅਰੇ ਲਾਏ ਜਾ ਰਿਹਾ ਸਨ ਤਾਂ ਉਸਦੇ ਸਮਰਥਕ ਉਸਦੇ ਪਿੱਛੇ ਫਿਲਸਤੀਨੀ ਝੰਡੇ ਲਹਿਰਾ ਰਹੇ ਸਨ। ਮੋਥਿਨ ਅਲੀ ਨੇ ਆਪਣੇ ਜਿੱਤ ਦੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਦੀ ਚੋਣ ‘ਗਾਜ਼ਾ ਦੇ ਲੋਕਾਂ ਦੀ ਜਿੱਤ’ ਹੈ। ਅਸੀਂ ਲੇਬਰ ਕੌਂਸਲ ਵੱਲੋਂ ਨਿਰਾਸ਼ ਕੀਤੇ ਜਾਣ ਤੋਂ ਤੰਗ ਆ ਚੁੱਕੇ ਹਾਂ ਅਤੇ ਅਸੀਂ ਚੁੱਪ ਨਹੀਂ ਰਹਾਂਗੇ। ਮੋਥਿਨ ਨੇ ਕਿਹਾ ਕਿ ਅਸੀਂ ਗਾਜ਼ਾ ਦੀ ਆਵਾਜ਼ ਬੁਲੰਦ ਕਰਾਂਗੇ। ਅਸੀਂ ਫਿਲਸਤੀਨ ਦੀ ਆਵਾਜ਼ ਬੁਲੰਦ ਕਰਾਂਗੇ।

ਮੋਥਿਨ ਅਲੀ ਤੋਂ ਇਲਾਵਾ ਦੇਸ਼ ਭਰ ’ਚ ਦਰਜਨਾਂ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ‘ਗਾਜ਼ਾ ਟਿਕਟ’ ’ਤੇ ਚੋਣ ਲੜੀ ਅਤੇ ਆਪਣੇ ਲੇਬਰ ਵਿਰੋਧੀਆਂ ਨੂੰ ਹਰਾਇਆ। ਦਿਲਚਸਪ ਗੱਲ ਇਹ ਹੈ ਕਿ ਨਾਹਿਦ ਦੋਹਰਾ ਗੁਲਤਾਸਿਬ ਨੇ ਵਾਲਸਾਲ ਕੌਂਸਲ ਦੇ ਪਲੈਕ ਵਾਰਡ ਵਿਚ ਆਪਣੀ ਸੀਟ ਕਾਇਮ ਰੱਖੀ ਹੈ। ਉਹ ਲੇਬਰ ਪਾਰਟੀ ਦੀ ਵਾਲਸਾਲ ਸ਼ਾਖਾ ਦੇ ਛੇ ਕੌਂਸਲਰਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਨਵੰਬਰ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਸਰ ਕੀਰ ਸਟਾਰਮਰ ਵੱਲੋਂ ਗਾਜ਼ਾ ’ਚ ਜੰਗਬੰਦੀ ਦਾ ਸਮਰਥਨ ਕਰਨ ਤੋਂ ਨਾਂਹ ਕਰਨ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ।

ਗੁਲਤਾਸਿਬ ਨੇ ਆਪਣੇ ਜਿੱਤ ਦੇ ਭਾਸ਼ਣ ’ਚ ਕਿਹਾ ਕਿ ਇਹ ਜਿੱਤ ਗਾਜ਼ਾ ਲਈ ਹੈ, ਇਹ ਫਿਲਸਤੀਨ ਦੇ ਲਈ ਹੈ।

ਵੈਸਟ ਮਿਡਲੈਂਡਜ਼ ਮੇਅਰ ਲਈ ਚੋਣ ਲੜ ੇ ਫਿਲਸਤੀਨ ਪੱਖੀ ਅਾਜ਼ਾਦ ਉਮੀਦਵਾਰ ਅਖਮਦ ਯਾਕੂਬ ਨੇ ਬਰਮਿੰਘਮ ਵਿਚ ਲਗਭਗ 20 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ ਜੋ ਕਿ ਸੰਯੁਕਤ ਅਥਾਰਟੀ ਬਣਾਉਣ ਵਾਲੇ ਸੱਤ ਇਲਾਕਿਆਂ ਵਿਚੋਂ ਇਕ ਹੈ।

ਵਿਸ਼ਲੇਸ਼ਣ ਵਿਚ ਪਾਇਆ ਗਿਆ ਕਿ ਦੇਸ਼ ਭਰ ਵਿਚ ਬਹੁ-ਗਿਣਤੀ ਮੁਸਲਿਮ

ਆਬਾਦੀ ਵਾਲੇ ਇਲਾਕਿਆਂ ਵਿਚ ਲੇਬਰ ਪਾਰਟੀ ਦਾ ਲੋਕਆਧਾਰ ਘਟਿਆ ਹੈ।

ਕਿਵੇਂ ਚੱਲ ਰਿਹਾ ਹੈ ‘ਬਹੁ-ਸੱਭਿਆਚਾਰਵਾਦ’

ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਡਾ. ਐਲੀ ਡੇਵਿਡ ਨੇ ਬ੍ਰਿਟੇਨ ਦੀਆਂ ਨਗਰ ਕੌਂਸਲ ਚੋਣਾਂ ’ਚ ਵੱਡੀ ਗਿਣਤੀ ’ਚ ਮੁਸਲਿਮ ਉਮੀਦਵਾਰਾਂ ਦੀ ਜਿੱਤ ’ਤੇ ਵਿਅੰਗ ਕੀਤਾ ਹੈ। ‘ਡੀਪ ਲਰਨਿੰਗ ਐਂਡ ਈਵੋਲੂਸ਼ਨਰੀ ਕੰਪਿਊਟੇਸ਼ਨ’ ਵਿਚ ਮਾਹਿਰ ਮੰਨੇ ਜਾਂਦੇ ਐਲੀ ਨੇ ਲੀਡਜ਼ ਸਿਟੀ ਕੌਂਸਲ ਵਿਚ ਗ੍ਰੀਨ ਪਾਰਟੀ ਦੇ ਉਮੀਦਵਾਰ ਮੋਤਿਨ ਅਲੀ ਦੀ ‘ਅੱਲਾ-ਹੂ-ਅਕਬਰ’ ਦਾ ਨਾਅਰਾ ਲਾਉਂਦੇ ਦੀ ਵੀਡੀਓ ਸ਼ੇਅਰ ਕਰਕੇ ਲਿਖਿਆ-‘ਬ੍ਰਿਟੇਨ ਕਿਵੇਂ ਹੋ? ਇਹ ਲੀਡਜ਼ ਵਿਚ ਤੁਹਾਡਾ ਨਵਾਂ ਕੌਂਸਲਰ । ਤੁਹਾਡਾ ‘ਬਹੁ-ਸੱਭਿਆਚਾਰਵਾਦ’ ਕਿਵੇਂ ਚੱਲ ਰਿਹਾ ਹੈ?’

ਲੀਡਜ਼ ਨਗਰ ਕੌਂਸਲ ਵਿਚ ਆਪਣੀ ਜਿੱਤ ਤੋਂ ਬਾਅਦ ਸਮਰਥਕਾਂ ਨਾਲ ‘ਅੱਲਾ-ਹੂ-ਅਕਬਰ’ ਦਾ ਨਾਅਰਾ ਲਾਉਂਦੇ ਹੋਏ ਨਵੇਂ ਚੁਣੇ ਗਏ ਕੌਂਸਲਰ ਮੋਥਿਨ ਅਲੀ।


author

Harinder Kaur

Content Editor

Related News