ਹਾਦਸੇ ''ਚ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ''ਤੇ ਜੀਪ ਚਾਲਕ ਔਰਤ ਖ਼ਿਲਾਫ਼ ਮਾਮਲਾ ਦਰਜ
Sunday, Apr 28, 2024 - 01:45 PM (IST)

ਸਮਾਣਾ (ਦਰਦ, ਅਸ਼ੋਕ) : ਇੱਥੇ ਸਮਾਣਾ-ਪਟਿਆਲਾ ਸੜਕ 'ਤੇ ਜੀਪ ਦੀ ਟੱਕਰ ਨਾਲ ਗੰਭੀਰ ਜ਼ਖਮੀ ਨੌਜਵਾਨਾਂ ਦੇ ਮਾਮਲੇ ‘ਚ ਸਿਟੀ ਪੁਲਸ ਨੇ ਜੀਪ ਚਾਲਕ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਵੇਂ ਜ਼ਖਮੀਆਂ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐੱਸ. ਆਈ. ਜੱਜਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਕਾਕੜਾ ਵੱਲੋਂ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਆਪਣੇ ਦੋਸਤ ਬਲਵਿੰਦਰ ਸਿੰਘ ਨਿਵਾਸੀ ਪਿੰਡ ਧਨੇਠਾ ਦੇ ਨਾਲ ਸਮਾਣਾ-ਪਟਿਆਲਾ ਸੜਕ 'ਤੇ ਸਥਿਤ ਇੱਕ ਪੈਲਸ ਦੇ ਨਾਲ ਲੱਗਦੀ ਗਲੀ 'ਚੋਂ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਤੇਜ਼ ਰਫ਼ਤਾਰ ਜੀਪ ਚਾਲਕ ਔਰਤ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ।
ਉਹ ਬਾਈਕ ਸਣੇ ਸੜਕ ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਜੀਪ ਚਾਲਕ ਔਰਤ ਡਰਾਈਵਰ ਉਥੋਂ ਫ਼ਰਾਰ ਹੋ ਗਈ। ਲੱਤ ਅਤੇ ਪੈਰ ਦੀਆਂ ਹੱਡੀਆਂ ਟੁੱਟ ਜਾਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਅਨੁਸਾਰ ਬਣਾਈ ਵੀਡੀਓ ਦੀ ਮਦਦ ਨਾਲ ਹਾਦਸਾ ਗ੍ਰਸਤ ਜੀਪ ਦੀ ਪਛਾਣ ਕਰ ਲਈ ਗਈ ਹੈ। ਪੁਲਸ ਅਣਪਛਾਤੀ ਔਰਤ ਚਾਲਕ ਦੀ ਭਾਲ ਕਰ ਰਹੀ ਹੈ।