ਦੋ ਲੜਕੀਆਂ ਦੇ ਭੇਤਭਰੀ ਹਾਲਤ ''ਚ ਵਾਲ ਕੱਟੇ
Sunday, Aug 20, 2017 - 12:21 AM (IST)

ਕਲਾਨੌਰ, (ਮਨਮੋਹਨ)- ਪਿੰਡ ਵਿਰਕ ਅਤੇ ਪਿੰਡ ਬਾਗੋਵਾਣੀ ਵਿਚ ਦੋ ਲੜਕੀਆਂ ਦੇ ਭੇਤਭਰੀ ਹਾਲਤ 'ਚ ਵਾਲ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਿਰਕ ਵਿਖੇ ਹੋਈ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਮਸੀਹ ਨੇ ਦੱਸਿਆ ਕਿ ਉਸਦੀ ਬੇਟੀ ਕਿਰਨ (10) ਬੀਤੀ ਰਾਤ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤੀ ਹੋਈ ਸੀ ਕਿ ਸਵੇਰ ਜਦੋਂ ਉਹ ਉੱਠੇ ਤਾਂ ਦੇਖਿਆ ਕਿ ਲੜਕੀ ਦੀ ਗੁੱਤ ਸਮੇਤ ਸਿਰ ਦੇ ਵਾਲ ਕੱਟੇ ਹੋਏ ਸਨ। ਇਸ ਘਟਨਾ ਸਬੰਧੀ ਅਸੀਂ ਤੁਰੰਤ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੂੰ ਜਾਣਕਾਰੀ ਦਿੱਤੀ ਅਤੇ ਦੇਖਦੇ ਹੀ ਦੇਖਦੇ ਪਿੰਡ ਦੇ ਲੋਕਾਂ ਦਾ ਤਾਂਤਾ ਲੱਗ ਗਿਆ। ਇਸੇ ਤਰ੍ਹਾਂ ਪਿੰਡ ਬਾਗੋਵਾਣੀ ਵਿਖੇ ਵਾਲ ਕੱਟੇ ਜਾਣ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਕੌਰ ਨੇ ਦੱਸਿਆ ਕਿ ਉਸਦੀ ਪੋਤਰੀ ਸਰਪ੍ਰੀਤ ਕੌਰ, ਜੋ ਦਸਵੀਂ ਕਲਾਸ 'ਚ ਪੜ੍ਹਦੀ ਹੈ, ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੋਟੀ ਖੁਆ ਰਹੀ ਸੀ ਕਿ ਅਚਾਨਕ ਉਸਦੇ ਸਿਰ 'ਚ ਖਾਰਸ਼ ਹੋਈ ਅਤੇ ਵਾਲ ਲੱਥ ਕੇ ਜ਼ਮੀਨ 'ਤੇ ਡਿੱਗ ਪਏ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਇਲਾਕੇ ਅੰਦਰ ਚਰਚਾ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।