ਲੁਧਿਆਣਾ ''ਚ ਫ਼ਾਇਰਿੰਗ! ਦੋ ਦਰਜਨ ਮੁੰਡਿਆਂ ਨੇ ਮਚਾਈ ਤਰਥੱਲੀ
Thursday, Dec 18, 2025 - 02:39 PM (IST)
ਲੁਧਿਆਣਾ (ਰਾਜ): ਸ਼ਹਿਰ ਵਿਚ ਫ਼ਾਇਰਿੰਗ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਟਿੱਬਾ ਇਲਾਕੇ ਵਿਚ ਵੀ ਕੁਝ ਨੌਜਵਾਨਾਂ ਵੱਲੋਂ ਫ਼ਾਇਰਿੰਗ ਕੀਤੀ ਗਈ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫ਼ੈਲ ਗਈ ਹੈ। ਫ਼ਿਲਹਾਲ ਪੁਲਸ ਨੇ ਮੁਲਜ਼ਮ ਅਜੇਦੀਪ, ਗੁਰਜੋਤ ਸਿੰਘ, ਨਿਰਮਲ ਸਿੰਘ, ਕਰਨ, ਸਾਗਰ, ਜੱਸੀ, ਹਰਸ਼, ਮੱਛੀ, ਨਿਖਿਲ ਬਿੱਲਾ, ਰਾਜਾ, ਮੰਨਾ, ਰੋਹਿਤ ਤੇ 2-3 ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ASI ਰਵਿੰਦਰ ਕੁਮਾਰ ਪੁਲਸ ਪਾਰਟੀ ਦੇ ਨਾਲ ਗਸ਼ਤ 'ਤੇ ਸਨ। ਜਦੋਂ ਪੁਲਸ ਟੀਮ ਉੱਤਮ ਨਗਰ ਦੀ ਗਲੀ ਨੰਬਰ 1 ਕੋਲ ਪਹੁੰਚੀ ਤਾਂ ਇਕ ਖ਼ਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਸ਼ਾਮ ਨੂੰ ਤਕਰੀਬਨ 5.30 ਵਜੇ ਗਲੀ ਵਿਚ ਰਹਿਣ ਵਾਲੇ ਟੋਨੀ ਪੁੱਤਰ ਵਿਜੇ ਚੌਹਾਨ ਦੇ ਘਰ ਦੇ ਬਾਹਰ 8 ਤੋਂ 10 ਮੋਟਰਸਾਈਕਲਾਂ 'ਤੇ ਸਵਾਰ ਕੁਝ ਨੌਜਵਾਨ ਖੜ੍ਹੇ ਹਨ। ਸੂਚਨਾ ਮੁਤਾਬਕ, ਇਨ੍ਹਾਂ ਨੌਜਵਾਨਾਂ ਦੇ ਹੱਥਾਂ ਵਿਚ ਪਿਸਟਲ, ਦਾਤਰ ਤੇ ਤਲਵਾਰਾਂ ਜਿਹੇ ਖ਼ਤਰਨਾਕ ਹਥਿਾਰ ਸਨ ਤੇ ਉਹ ਟੋਨੀ ਦੀ ਭਾਲ ਕਰ ਰਹੇ ਸਨ। ਮੁਲਜ਼ਮਾਂ ਨੇ ਟੋਨੀ ਦੇ ਘਰ ਵੱਲ ਤਕਰੀਬਨ 5-6 ਫ਼ਾਇਰ ਕੀਤੇ ਤੇ ਧਮਕੀਆਂ ਦਿੱਤੀਆਂ। ਫ਼ਾਇਰਿੰਗ ਦੀ ਘਟਨਾ ਨਾਲ ਇਲਾਕੇ ਵਿਚ ਭਾਰੀ ਦਹਿਸ਼ਤ ਫ਼ੈਲ ਗਈ। ਪਿਸਟਲ ਤੋਂ ਫ਼ਾਇਰਿੰਗ ਕਰਨ ਮਗਰੋਂ ਮੁਲਜ਼ਮ ਆਪਣੇ ਹਥਿਆਰਾਂ ਤੇ ਮੋਟਰਸਾਈਕਲਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ।
