ਅਜਨਾਲਾ ਸਰਹੱਦੀ ਖੇਤਰ ’ਚ ਪੁਲਸ-ਗੈਂਗਸਟਰਾਂ ਵਿਚਾਲੇ ਐਨਕਾਊਂਟਰ! ਦੋ ਬਦਮਾਸ਼ ਕਾਬੂ
Monday, Dec 15, 2025 - 09:09 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ ਅੰਦਰ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਫਿਰੌਤੀ ਮੰਗਣ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗੈਂਗਸਟਰਾਂ ਨੂੰ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ। ਇਹ ਐਨਕਾਊਂਟਰ ਅਜਨਾਲਾ ਦੇ ਪਿੰਡ ਚਾਹੜ੍ਹਪੁਰ ਵਿਖੇ ਕੀਤਾ ਗਿਆ, ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਇਲਾਕਾ ਹੈ।
ਮੌਕੇ ’ਤੇ ਡੀ.ਆਈ.ਜੀ ਬਾਰਡਰ ਰੇਂਜ ਸੰਦੀਪ ਗੋਇਲ ਖੁਦ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਗ੍ਰਿਫਤਾਰ ਕੀਤੇ ਗਏ ਦਿਲਰਾਜ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਵੰਸ਼ਪ੍ਰੀਤ ਸਿੰਘ ਅਤੇ ਗੁਰਪਿੰਦਰ ਸਿੰਘ ਨਾਮ ਦੇ ਦੋ ਗੈਂਗਸਟਰ ਅਜਨਾਲਾ ਖੇਤਰ ਵਿੱਚ ਫਿਰੌਤੀ ਮੰਗਣ ਅਤੇ ਫਾਇਰਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਵੱਲੋਂ ਤੁਰੰਤ ਟਰੈਪ ਲਗਾਇਆ ਗਿਆ। ਜਦੋਂ ਕਾਰ ਵਿੱਚ ਆ ਰਹੇ ਦੋਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਡੀ.ਆਈ.ਜੀ ਸੰਦੀਪ ਗੋਇਲ ਨੇ ਦੱਸਿਆ ਕਿ ਦੋਵੇਂ ਦੋਸ਼ੀ ਵਿਦੇਸ਼ ਬੈਠੇ ਆਪਣੇ ਸਾਥੀਆਂ ਦੇ ਇਸ਼ਾਰਿਆਂ ’ਤੇ ਫਿਰੌਤੀ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਨਾਜਾਇਜ਼ ਪਿਸਟਲ ਵੀ ਬਰਾਮਦ ਕੀਤੇ ਹਨ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ।
