ਹੋਟਲ ਦੇ ਕਮਰੇ ’ਚੋਂ ਅਰਧ-ਨਗਨ ਹਾਲਤ ’ਚ ਮਿਲੀ ਔਰਤ ਦੀ ਲਾਸ਼
Saturday, Dec 13, 2025 - 04:23 AM (IST)
ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਦਾਣਾ ਮੰਡੀ ’ਚ ਅੱਜ ਹੋਟਲ ਦੇ ਕਮਰੇ ’ਚੋਂ ਪੁਲਸ ਨੂੰ ਇਕ ਅਰਧ-ਨਗਨ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਸਹਾਇਕ ਥਾਣਾ ਇੰਚਾਰਜ ਇੰਸ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਾਮ 4.30 ਵਜੇ ਸੂਚਨਾ ਮਿਲੀ ਕਿ ਦਾਣਾ ਮੰਡੀ ਸਥਿਤ ਇੰਡੋ-ਅਮਰੀਕਨ ਹੋਟਲ ਦੇ ਕਮਰੇ ਅੰਦਰ ਇਕ ਅਰਧ-ਨਗਨ ਹਾਲਤ ’ਚ ਔਰਤ ਦੀ ਲਾਸ਼ ਪਈ ਹੋਈ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਦਾਣਾ ਮੰਡੀ ਸਥਿਤ ਹੋਟਲ ’ਚ ਪਹੁੰਚੀ। ਇਥੇ ਹੋਟਲ ਦੇ ਕਮਰਾ ਨੰ. 204 ’ਚ ਔਰਤ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਹੋਟਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਲਗਭਗ 12.30 ਵਜੇ ਔਰਤ ਆਪਣੇ ਇਕ ਸਾਥੀ ਨਾਲ ਹੋਟਲ ’ਚ ਆਈ ਸੀ, ਜਿਸ ਤੋਂ ਬਾਅਦ ਉਹ ਦੋਵੇਂ ਕਮਰਾ ਨੰ. 204 ’ਚ ਚਲੇ ਗਏ।
ਇਸ ਤੋਂ ਬਾਅਦ ਔਰਤ ਨਾਲ ਆਇਆ ਵਿਅਕਤੀ ਲਗਭਗ ਅੱਧੇ ਘੰਟੇ ਬਾਅਦ ਹੋਟਲ ’ਚੋਂ ਚਲਾ ਗਿਆ। ਜਦੋਂ 4 ਵਜੇ ਤੋਂ ਬਾਅਦ ਹੋਟਲ ਦਾ ਕਰਮਚਾਰੀ ਕਮਰਾ ਖਾਲੀ ਕਰਵਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਾ ਤਾਂ ਅੰਦਰੋਂ ਕਿਸੇ ਨੇ ਕੋਈ ਆਵਾਜ਼ ਨਹੀਂ ਦਿੱਤੀ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਜ਼ਮੀਨ ’ਤੇ ਔਰਤ ਦੀ ਅੱਧਨੰਗੀ ਲਾਸ਼ ਪਈ ਹੋਈ ਸੀ, ਜਿਸ ਦੇ ਨੱਕ ’ਚੋਂ ਖੂਨ ਨਿਕਲਿਆ ਹੋਇਆ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਹੋਟਲ ਦੇ ਕਰਮਚਾਰੀਆਂ ਤੋਂ ਔਰਤ ਅਤੇ ਉਕਤ ਵਿਅਕਤੀ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ, ਤਾਂ ਜੋ ਮ੍ਰਿਤਕ ਔਰਤ ਦੀ ਪਛਾਣ ਕੀਤੀ ਜਾ ਸਕੇ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਮੌਤ ਦੀ ਸਹੀ ਵਜ੍ਹਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਉਕਤ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ।
