ਪੰਜਾਬ ''ਚ ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ! ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Monday, Dec 22, 2025 - 04:54 PM (IST)

ਪੰਜਾਬ ''ਚ ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ! ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਫਰੀਦਕੋਟ/ਜ਼ੀਰਾ (ਜਗਤਾਰ/ਸਤੀਸ਼): ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਤੋਂ ਪੰਡੋਰੀ ਖਤਰੀਆਂ ਨੂੰ ਜਾਂਦੀ ਸੜਕ 'ਤੇ ਅੱਜ ਸਵੇਰੇ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ 14 ਸਾਲਾ ਸਕੂਲੀ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਬੱਚੇ ਜ਼ਖਮੀ ਹੋ ਗਏ ਹਨ।

ਜਾਣਕਾਰੀ ਅਨੁਸਾਰ, ਇਹ ਬੱਚੇ ਹਰ ਰੋਜ਼ ਦੀ ਤਰ੍ਹਾਂ ਆਪਣੇ ਪਿੰਡ ਮਨਸੂਰਵਾਲ ਤੋਂ ਇਕ ਟੈਂਪੂ 'ਤੇ ਸਵਾਰ ਹੋ ਕੇ ਪਿੰਡ ਪੰਡੋਰੀ ਖਤਰੀਆ ਵਿਖੇ ਸਥਿਤ ਸਕੂਲ ਵਿਚ ਪੜ੍ਹਨ ਲਈ ਜਾ ਰਹੇ ਸਨ। ਜਦੋਂ ਉਹ ਸਵੇਰੇ ਸਕੂਲ ਜਾ ਰਹੇ ਸਨ, ਤਾਂ ਸਾਹਮਣੇ ਤੋਂ ਆ ਰਹੀ ਇਕ ਬੱਸ ਕਾਰਨ ਟੈਂਪੂ ਚਾਲਕ ਨੇ ਅਚਾਨਕ ਕੱਟ ਮਾਰਿਆ। ਇਸ ਦੌਰਾਨ ਤਿੰਨ ਬੱਚੇ ਟੈਂਪੂ ਤੋਂ ਹੇਠਾਂ ਡਿੱਗ ਗਏ ਅਤੇ ਇਕ ਬੱਚਾ ਬੱਸ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮਨਸੂਰਵਾਲ ਦੇ ਰਹਿਣ ਵਾਲੇ 14 ਸਾਲਾ ਵਿਦਿਆਰਥੀ ਹਸਕਰਨ ਸਿੰਘ ਵਜੋਂ ਹੋਈ ਹੈ। ਉਸ ਦਾ ਦੂਜਾ ਸਾਥੀ ਵਿਦਿਆਰਥੀ ਗੁਰਵਿੰਦਰ ਸਿੰਘ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ, ਜਿਸ ਦਾ ਇਲਾਜ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ਵਿਚ ਚੱਲ ਰਿਹਾ ਹੈ।

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਹਸਕਰਨ ਸਿੰਘ

ਮ੍ਰਿਤਕ ਬੱਚੇ ਦੇ ਪਰਿਵਾਰਕ ਹਾਲਾਤ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਕਰਨ ਵਾਲੇ ਹਨ। ਮ੍ਰਿਤਕ ਬੱਚੇ ਦੇ ਪਰਿਵਾਰ ਵਿਚ ਉਸ ਦੀ ਮਾਂ ਅਤੇ ਦੋ ਭੈਣਾਂ ਹਨ। ਦੱਸਿਆ ਗਿਆ ਹੈ ਕਿ ਇਸ ਗਰੀਬ ਪਰਿਵਾਰ ਕੋਲ ਰਹਿਣ ਲਈ ਆਪਣਾ ਮਕਾਨ ਵੀ ਨਹੀਂ ਹੈ ਅਤੇ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਪੰਚਾਇਤ ਘਰ ਵਿਚ ਰਹਿ ਰਹੇ ਹਨ। ਬੱਚੇ ਦੀ ਮਾਂ ਇਕ ਪ੍ਰਾਈਵੇਟ ਨੌਕਰੀ ਕਰਕੇ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਇਸ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।


author

Anmol Tagra

Content Editor

Related News