ਵਰਧਮਾਨ ਕੰਪਨੀ ਨਾਲ ਧੋਖਾਧੜੀ! ਜਾਅਲੀ ਡਿਗਰੀਆਂ ਦਿਖਾ ਕੇ ਮੋਟੀ ਤਨਖ਼ਾਹ ਲੈਂਦਾ ਰਿਹਾ ਮੁਲਾਜ਼ਮ
Thursday, Apr 16, 2026 - 02:30 PM (IST)
ਲੁਧਿਆਣਾ (ਰਾਜ): ਚੰਡੀਗੜ੍ਹ ਰੋਡ ਸਥਿਤ ਵੱਕਾਰੀ 'ਵਰਧਮਾਨ ਅਮਰਤੇ ਪ੍ਰਾਈਵੇਟ ਲਿਮਟਿਡ' ਵਿਚ ਜਾਅਲਸਾਜ਼ੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੇ ਆਪਣੀ ਅਸਲੀ ਪਛਾਣ ਅਤੇ ਯੋਗਤਾ ਨੂੰ ਪਰਦੇ ਦੇ ਪਿੱਛੇ ਰੱਖ ਕੇ ਫਰਜ਼ੀ ਡਿਗਰੀਆਂ ਦੇ ਸਹਾਰੇ ਕੰਪਨੀ ਦੀਆਂ ਅੱਖਾਂ ਵਿਚ ਘੱਟਾ ਪਾਇਆ ਅਤੇ ਸੀਨੀਅਰ ਮੈਨੇਜਰ (ਅਕਾਊਂਟਸ) ਵਰਗੇ ਜ਼ਿੰਮੇਵਾਰ ਅਹੁਦੇ 'ਤੇ ਕਾਬਜ਼ ਹੋ ਗਿਆ। ਪੁਲਸ ਨੇ ਲੰਮੀ ਚੱਲੀ ਪੜਤਾਲ ਤੋਂ ਬਾਅਦ ਹੁਣ ਮੁਲਜ਼ਮ ਖ਼ਿਲਾਫ਼ ਧੋਖਾਧੜੀ ਅਤੇ ਅਮਾਨਤ ਵਿਚ ਖਿਆਨਤ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਪੂਰੇ ਫਰਜ਼ੀਵਾੜੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਦਿਵਿਆਕਾਂਤ ਸਿੰਘ (ਵਰਧਮਾਨ ਅਮਰਤੇ ਪ੍ਰਾਈਵੇਟ ਲਿਮਟਿਡ) ਨੇ ਪੁਲਸ ਨੂੰ ਇਕ ਲਿਖਤੀ ਸ਼ਿਕਾਇਤ ਸੌਂਪੀ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮੁਲਜ਼ਮ ਕਰਨ ਸਿੰਘਾਨੀਆ, ਜੋ ਕਿ ਮਾਡਲ ਟਾਊਨ ਦਾ ਰਹਿਣ ਵਾਲਾ ਹੈ, ਨੇ ਕੰਪਨੀ ਵਿਚ ਨੌਕਰੀ ਹਾਸਲ ਕਰਨ ਲਈ ਆਪਣੀ ਵਿਦਿਅਕ ਯੋਗਤਾ ਨਾਲ ਸਬੰਧਤ ਜਾਅਲੀ ਦਸਤਾਵੇਜ਼ ਅਤੇ ਫਰਜ਼ੀ ਡਿਗਰੀਆਂ ਪੇਸ਼ ਕੀਤੀਆਂ ਸਨ। ਇਨ੍ਹਾਂ ਨਕਲੀ ਕਾਗਜ਼ਾਂ ਦੇ ਦਮ 'ਤੇ ਉਸ ਨੇ ਨਾ ਸਿਰਫ ਕੰਪਨੀ ਵਿਚ ਉੱਚ ਅਹੁਦਾ ਪ੍ਰਾਪਤ ਕੀਤਾ, ਬਲਕਿ ਲੰਮੇ ਸਮੇਂ ਤਕ ਇਕ ਉੱਚ ਸਿੱਖਿਅਤ ਪੇਸ਼ੇਵਰ ਵਜੋਂ ਮਿਲਣ ਵਾਲੀ ਮੋਟੀ ਤਨਖਾਹ ਵੀ ਲੈਂਦਾ ਰਿਹਾ।
ਪੁਲਸ ਜਾਂਚ ਵਿਚ ਇਹ ਸੱਚ ਸਾਹਮਣੇ ਆਇਆ ਕਿ ਕਰਨ ਸਿੰਘਾਨੀਆ ਨੇ ਆਪਣੀ ਪੇਸ਼ੇਵਰ ਯੋਗਤਾ (Professional Qualification) ਨੂੰ ਲੈ ਕੇ ਕੰਪਨੀ ਨਾਲ ਵੱਡੀ ਧੋਖਾਧੜੀ ਕੀਤੀ ਹੈ। ਉਸ ਨੇ ਖੁਦ ਨੂੰ ਇਕ ਯੋਗ ਪੇਸ਼ੇਵਰ ਦੱਸ ਕੇ ਨਾ ਸਿਰਫ ਕੰਪਨੀ ਦੇ ਪ੍ਰਬੰਧਨ ਦਾ ਭਰੋਸਾ ਤੋੜਿਆ, ਬਲਕਿ ਉਸ ਨੂੰ ਵੱਡਾ ਆਰਥਿਕ ਚੂਨਾ ਵੀ ਲਗਾਇਆ। ਥਾਣਾ ਜਮਾਲਪੁਰ ਪੁਲਸ ਨੇ ਮੁਲਜ਼ਮ ਕਰਨ ਸਿੰਘਾਨੀਆ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਲਿਆ ਹੈ।
