ਦੋਰਾਹਾ ਨਗਰ ਕੌਂਸਲ ਚੋਣਾਂ ਦੌਰਾਨ ਜਾਅਲੀ ਵੋਟਾਂ ਦੇ ਦੋਸ਼ਾਂ ਨਾਲ ਮਾਹੌਲ ਗਰਮਾਇਆ, ਕਾਂਗਰਸ ਪ੍ਰਧਾਨ ਨੇ ਦਿੱਤੀ ਚੇਤਾਵਨੀ
Tuesday, May 26, 2026 - 04:06 PM (IST)
ਦੋਰਾਹਾ (ਵਿਨਾਇਕ): ਦੋਰਾਹਾ ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਵੋਟਿੰਗ ਅਮਨ-ਸ਼ਾਂਤੀ ਨਾਲ ਜਾਰੀ ਰਹੀ, ਉੱਥੇ ਹੀ ਕਥਿਤ ਜਾਅਲੀ ਵੋਟਾਂ ਅਤੇ ਪੱਤਰਕਾਰ ਨਾਲ ਬਦਸਲੂਕੀ ਦੇ ਦੋਸ਼ਾਂ ਕਾਰਨ ਚੋਣ ਮਾਹੌਲ ਗਰਮਾ ਗਿਆ। ਪਾਇਲ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਦੋਰਾਹਾ ਵਿੱਚ ਪੈ ਰਹੀਆਂ ਵੋਟਾਂ ਸਬੰਧੀ ਪ੍ਰਸ਼ਾਸਨ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਪੁਰਜੋਰ ਮੰਗ ਕੀਤੀ ਹੈ।
ਲੱਖਾ ਨੇ ਅਮਨ-ਸ਼ਾਂਤੀ ਨਾਲ ਹੋ ਰਹੀ ਵੋਟਿੰਗ ਲਈ ਵੋਟਰਾਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਪੋਲਿੰਗ ਬੂਥਾਂ ਅੰਦਰ ਗਲਤ ਢੰਗ ਨਾਲ ਵੋਟਾਂ ਪਵਾਏ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਜੋ ਲੋਕਤੰਤਰ ਲਈ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਕੇਵਲ ਅਸਲ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਉਨ੍ਹਾਂ ਦੋਸ਼ ਲਗਾਇਆ ਕਿ ਦੋਰਾਹਾ ਦੇ ਵਾਰਡ ਨੰਬਰ 11 ਸਥਿਤ ਬੂਥ ਨੰਬਰ 17 ‘ਤੇ 338 ਨੰਬਰ ਵੋਟ ਨਾਲ ਸੰਬੰਧਿਤ ਵੋਟਰ ਛਿੰਦਰ ਕੌਰ ਉਰਫ ਕਮਲ ਪਤਨੀ ਸ਼ਿੰਦਰ ਸਿੰਘ ਜਦੋਂ ਆਪਣੀ ਵੋਟ ਪਾਉਣ ਲਈ ਬੂਥ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਵੋਟ ਪਹਿਲਾਂ ਹੀ ਪੈ ਚੁੱਕੀ ਹੈ। ਲੱਖਾ ਮੁਤਾਬਕ ਜਦੋਂ ਸੰਬੰਧਿਤ ਵੋਟਰ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਮੌਕੇ ‘ਤੇ ਮੌਜੂਦ ਅਧਿਕਾਰੀਆਂ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ।
ਕਾਂਗਰਸ ਆਗੂ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਰਿਟਰਨਿੰਗ ਅਫਸਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੇਵਲ ਅਸਲ ਵੋਟਰ ਹੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਬੂਥ ‘ਤੇ ਜਾਅਲੀ ਵੋਟ ਪਵਾਏ ਜਾਣ ਦੀ ਪੁਸ਼ਟੀ ਹੋਈ ਤਾਂ ਭਾਵੇਂ ਸੰਬੰਧਿਤ ਅਧਿਕਾਰੀ ਕਿਸੇ ਵੀ ਅਹੁਦੇ ‘ਤੇ ਕਿਉਂ ਨਾ ਹੋਵੇ, ਮਾਮਲਾ ਹਾਈਕੋਰਟ ਤੱਕ ਲੈ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵੋਟਰ ਨੂੰ ਆਪਣੇ ਵੋਟ ਦੇ ਸਹੀ ਇਸਤੇਮਾਲ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਉਸਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਲੱਖਾ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣ ਕਵਰੇਜ ਦੌਰਾਨ ਇਕ ਪੱਤਰਕਾਰ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਵੱਲੋਂ ਬਦਸਲੂਕੀ ਕੀਤੀ ਗਈ, ਜੋ ਕਿ ਲੋਕਤੰਤਰ ਅਤੇ ਮੀਡੀਆ ਦੀ ਆਜ਼ਾਦੀ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਬੰਧਿਤ ਵਿਧਾਇਕ ਨੂੰ ਤੁਰੰਤ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ। ਚੋਣ ਮਾਹੌਲ ਵਿਚ ਆਏ ਇਸ ਵਿਵਾਦ ਤੋਂ ਬਾਅਦ ਰਾਜਨੀਤਿਕ ਗਤੀਵਿਧੀਆਂ ਹੋਰ ਤੇਜ਼ ਹੋ ਗਈਆਂ ਹਨ ਅਤੇ ਮਾਮਲੇ ਨੂੰ ਲੈ ਕੇ ਚੋਣ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਭੂਮਿਕਾ ‘ਤੇ ਵੀ ਨਿਗਾਹਾਂ ਟਿਕ ਗਈਆਂ ਹਨ।
