ਸਵੇਰੇ-ਸਵੇਰੇ ਕੰਮ ''ਤੇ ਜਾ ਰਹੇ ਬੰਦੇ ਨਾਲ ਲੁੱਟ, ਖੋਹ ਕੇ ਲੈ ਗਏ ਸਕੂਟਰੀ
Tuesday, May 26, 2026 - 04:35 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਸਵੇਰੇ ਕੰਮ 'ਤੇ ਨਿਕਲਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਰਿਹਾ। ਤਾਜ਼ਾ ਮਾਮਲਾ ਥਾਣਾ ਦਰੇਸੀ ਦੇ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬੇਖੌਫ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸਵੇਰੇ-ਸਵੇਰੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ ਘੇਰ ਕੇ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ।
ਪੀੜਤ ਕੁੰਦਨ ਲਾਲ (ਪੁੱਤਰ ਸਾਈਂ ਦੱਤਾ ਮੱਲ) ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਉਹ ਆਪਣੀ ਗ੍ਰੇ ਰੰਗ ਦੀ ਐਕਟਿਵਾ (ਨੰਬਰ: PB 10 JJ 2082) 'ਤੇ ਸਵਾਰ ਹੋ ਕੇ ਫਿਲੌਰ ਵੱਲ ਜਾ ਰਿਹਾ ਸੀ। ਜਦੋਂ ਉਹ ਬਸਤੀ ਜੋਧੇਵਾਲ ਪੁਲ਼ ਦੇ ਉੱਪਰ ਪਹੁੰਚਿਆ, ਤਾਂ ਅਚਾਨਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਨਕਾਬਪੋਸ਼ ਬਦਮਾਸ਼ਾਂ ਨੇ ਉਸ ਦਾ ਰਸਤਾ ਰੋਕ ਲਿਆ। ਬਦਮਾਸ਼ਾਂ ਨੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਥਿਆਰਾਂ ਦੇ ਜ਼ੋਰ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਦੀ ਸਕੂਟੀ ਖੋਹ ਲਈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਦਰੇਸੀ ਦੀ ਪੁਲਸ ਤੁਰੰਤ ਹਰਕਤ ਵਿਚ ਆ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ, ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਅਣਪਛਾਤੇ ਹਮਲਾਵਰਾਂ ਦਾ ਸੁਰਾਗ ਲਗਾਇਆ ਜਾ ਸਕੇ। ਪੀੜਤ ਨੇ ਇਨਸਾਫ਼ ਲਈ ਥਾਣਾ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
