ACCIDENT ਬਹਾਨੇ ਮਹਿਲਾ ਤੋਂ ਲੁੱਟ! ਖੋਹ ਕੇ ਲੈ ਗਏ ਨਕਦੀ ਨਾਲ ਭਰਿਆ ਪਰਸ ਤੇ ਮੋਬਾਈਲ
Saturday, May 16, 2026 - 02:30 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਝਪਟਮਾਰਾਂ ਅਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਔਰਤਾਂ ਨੂੰ ਸਰੇਰਾਹ ਆਪਣਾ ਨਿਸ਼ਾਨਾ ਬਣਾਉਣ ਤੋਂ ਵੀ ਨਹੀਂ ਕਤਰਾ ਰਹੇ। ਤਾਜ਼ਾ ਸਨਸਨੀਖੇਜ਼ ਮਾਮਲਾ ਦੁੱਗਰੀ ਇਲਾਕੇ ਦਾ ਹੈ, ਜਿੱਥੇ ਬੇਖੌਫ ਲੁਟੇਰਿਆਂ ਨੇ ਇਕ ਔਰਤ ਦੀ ਐਕਟਿਵਾ ਨੂੰ ਜਾਣਬੁੱਝ ਕੇ ਟੱਕਰ ਮਾਰੀ ਅਤੇ ਫਿਰ ਬਹਿਸ ਕਰਨ ਦੇ ਬਹਾਨੇ ਉਸ ਦਾ ਮੋਬਾਈਲ ਤੇ ਨਕਦੀ ਨਾਲ ਭਰਿਆ ਪਰਸ ਖੋਹ ਕੇ ਰਫੂਚੱਕਰ ਹੋ ਗਏ। ਇਹ ਪੂਰੀ ਵਾਰਦਾਤ ਇਲਾਕੇ ਵਿਚ ਲੱਗੇ (CCTV) ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਤਨੀ ਕਰਮਜੀਤ ਕੌਰ ਦੁੱਗਰੀ ਸਥਿਤ 200 ਫੁੱਟਾ ਰੋਡ 'ਤੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਤੋਂ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਦੇ ਮੋਬਾਈਲ 'ਤੇ ਇਕ ਫੋਨ ਕਾਲ ਆਈ, ਜਿਸ ਨੂੰ ਸੁਣਨ ਲਈ ਉਨ੍ਹਾਂ ਨੇ ਆਪਣੀ ਐਕਟਿਵਾ ਸੜਕ ਕਿਨਾਰੇ ਰੋਕ ਲਈ। ਅਜੇ ਉਹ ਫੋਨ 'ਤੇ ਗੱਲ ਕਰ ਹੀ ਰਹੀ ਸੀ ਕਿ ਅਚਾਨਕ ਇਕ ਐਕਟਿਵਾ 'ਤੇ ਸਵਾਰ ਹੋ ਕੇ ਦੋ ਅਣਪਛਾਤੇ ਨੌਜਵਾਨ ਉੱਥੇ ਪਹੁੰਚੇ। ਬਦਮਾਸ਼ਾਂ ਨੇ ਸਾਜ਼ਿਸ਼ ਤਹਿਤ ਜਾਣਬੁੱਝ ਕੇ ਆਪਣੀ ਐਕਟਿਵਾ ਕਰਮਜੀਤ ਕੌਰ ਦੀ ਐਕਟਿਵਾ ਵਿਚ ਮਾਰੀ।
ਟੱਕਰ ਲੱਗਣ ਤੋਂ ਬਾਅਦ ਜਦੋਂ ਕਰਮਜੀਤ ਕੌਰ ਨੇ ਇਤਰਾਜ਼ ਜਤਾਇਆ, ਤਾਂ ਮੁਲਜ਼ਮਾਂ ਨੇ ਉਲਟਾ ਉਨ੍ਹਾਂ ਨਾਲ ਬਹਿਸ ਕਰਨਾ ਸ਼ੁਰੂ ਕਰ ਦਿੱਤਾ। ਇਸੇ ਬਹਿਸਬਾਜ਼ੀ ਅਤੇ ਹੰਗਾਮੇ ਦਾ ਫਾਇਦਾ ਚੁੱਕ ਕੇ ਸ਼ਾਤਿਰ ਲੁਟੇਰਿਆਂ ਨੇ ਝਪੱਟਾ ਮਾਰਿਆ ਅਤੇ ਕਰਮਜੀਤ ਕੌਰ ਦਾ ਮੋਬਾਈਲ ਫੋਨ ਅਤੇ ਪਰਸ ਖੋਹ ਲਿਆ। ਵਾਰਦਾਤ ਤੋਂ ਬਾਅਦ ਘਬਰਾਈ ਔਰਤ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਅਤੇ ਰੋਲ਼ਾ ਪਾਇਆ, ਪਰ ਮੁਲਜ਼ਮ ਆਪਣੀ ਤੇਜ਼ ਰਫ਼ਤਾਰ ਐਕਟਿਵਾ 'ਤੇ ਬੈਠ ਕੇ ਪਲਕ ਝਪਕਦੇ ਹੀ ਉੱਥੋਂ ਫਰਾਰ ਹੋ ਗਏ। ਪੀੜਤਾ ਮੁਤਾਬਕ, ਖੋਹੇ ਗਏ ਪਰਸ ਵਿਚ 35 ਹਜ਼ਾਰ ਰੁਪਏ ਦੀ ਨਕਦੀ, ਇਕ ਹੋਰ ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਦਿਨ-ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਨਾਲ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਉੱਧਰ, ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਵਿਚ ਮੁਲਜ਼ਮ ਸਾਫ਼ ਨਜ਼ਰ ਆ ਰਹੇ ਹਨ। ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਦੇ ਹੁਲੀਏ ਅਤੇ ਗੱਡੀ ਦੇ ਨੰਬਰ ਦੀ ਪਛਾਣ ਕੀਤੀ ਜਾ ਰਹੀ ਹੈ।
