ਪੰਜਾਬ: ਸਹੇਲੀ ਬਣ ਘਰ ਆ ਵੜਦੀ ਕੁੜੀ ਤੇ ਫਿਰ ਖੇਡਦੀ ਗੰਦਾ ਖੇਡ! ਪੁਲਸ ਜਾਂਚ 'ਚ ਹੋਏ ਹੋਸ਼ ਉੱਡਾ ਦੇਣ ਵਾਲੇ ਖ਼ੁਲਾਸੇ

Wednesday, May 27, 2026 - 12:19 PM (IST)

ਪੰਜਾਬ: ਸਹੇਲੀ ਬਣ ਘਰ ਆ ਵੜਦੀ ਕੁੜੀ ਤੇ ਫਿਰ ਖੇਡਦੀ ਗੰਦਾ ਖੇਡ! ਪੁਲਸ ਜਾਂਚ 'ਚ ਹੋਏ ਹੋਸ਼ ਉੱਡਾ ਦੇਣ ਵਾਲੇ ਖ਼ੁਲਾਸੇ

ਲੁਧਿਆਣਾ (ਰਾਜ)- ਥਾਣਾ ਟਿੱਬਾ ਦੀ ਪੁਲਸ ਨੇ ਇਕ ਅਜਿਹੀ ਸ਼ਾਤਰ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਫ਼ੋਨ ’ਤੇ ਲੋਕਾਂ ਨਾਲ ਦੋਸਤੀ ਦਾ ਢੌਂਗ ਕਰਦੀ ਸੀ ਤੇ ਫਿਰ ਉਨ੍ਹਾਂ ਦੇ ਘਰਾਂ ਵਿਚ ਐਂਟਰੀ ਪਾ ਕੇ ਲੱਖਾਂ ਦੀ ਵੱਡੀ ਚੋਰੀ ਨੂੰ ਅੰਜਾਮ ਦੇ ਦਿੰਦੀ ਸੀ। ਪੁਲਸ ਨੇ ਮੁਸਤੈਦੀ ਦਿਖਾਉਂਦੇ ਨਾ ਸਿਰਫ਼ ਇਸ ਸਨਸਨੀਖੇਜ਼ ਚੋਰੀ ਦਾ ਪਰਦਾਫਾਸ਼ ਕੀਤਾ ਹੈ, ਸਗੋਂ ਮਹਿਲਾ ਦੇ ਕਬਜ਼ੇ ਵਿਚੋਂ ਇਕ ਪਿਸਤੌਲ, ਜ਼ਿੰਦਾ ਕਾਰਤੂਸ, ਭਾਰੀ ਮਾਤਰਾ ਵਿਚ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਏ.ਸੀ.ਪੀ. (ਈਸਟ) ਰਾਜ ਕੁਮਾਰ ਨੇ ਦੱਸਿਆ ਕਿ ਬੀਤੀ 18 ਮਈ ਨੂੰ ਇਲਾਕੇ ਵਿਚ ਚੋਰੀ ਦੀ ਇਕ ਵੱਡੀ ਵਾਰਦਾਤ ਹੋਈ ਸੀ, ਜਿਸ ਦੇ ਸਬੰਧ ਵਿਚ ਟਿੱਬਾ ਥਾਣੇ ਵਿਚ ਕੇਸ ਦਰਜ ਕੀਤਾ ਸੀ। ਉਸ ਕੇਸ ਵਿਚ ਸ਼ਾਤਰ ਚੋਰ ਨੇ ਘਰ ਦੇ ਲਾਕਰ ਨੂੰ ਨਿਸ਼ਾਨਾ ਬਣਾਉਂਦੇ ਇਕ 7.62 ਐੱਮ.ਐੱਮ. ਦੀ ਪਿਸਤੌਲ, ਮੈਗਜ਼ੀਨ (ਜਿਸ ਵਿਚ 18 ਕਾਰਤੂਸ ਸਨ), 2 ਲੱਖ 80 ਹਜ਼ਾਰ ਰੁਪਏ ਕੈਸ਼, 5-5 ਗ੍ਰਾਮ ਦੇ ਦੋ ਸੋਨੇ ਦੇ ਬਿਸਕੁਟ, ਇਕ ਜੈਂਟਸ ਬ੍ਰੇਸਲੇਟ, ਦੋ ਜੈਂਟਸ ਅੰਗੂਠੀਆਂ, ਦੋ ਲੇਡੀਜ਼ ਸੋਨੇ ਦੀਆਂ ਚੇਨਾਂ, ਇਕ ਡਾਇਮੰਡ ਰਿੰਗ, ਸੋਨੇ ਦੇ ਟਾਪਸ, ਵਾਲੀਆਂ ਤੇ 5 ਲੇਡੀਜ਼ ਅੰਗੂਠੀਆਂ ਸਾਫ਼ ਕਰ ਦਿੱਤੀਆਂ ਸਨ।

ਪੁਲਸ ਨੇ ਮਾਮਲੇ ਦੀ ਜਾਂਚ ਲਈ ਮੁਹੱਲੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ, ਜਿਸ ਤੋਂ ਬਾਅਦ ਜਾਂਚ ਦੌਰਾਨ ਪੁਲਸ ਨੂੰ ਪੁਖ਼ਤਾ ਸਬੂਤ ਹੱਥ ਲੱਗੇ, ਫਿਰ ਕਾਰਵਾਈ ਕਰਦੇ 23 ਮਈ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਮੁਲਜ਼ਮ ਮਹਿਲਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ।

ਹਾਲਾਂਕਿ ਮੁਲਜ਼ਮ ਮਹਿਲਾ ਦਾ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਰ ਉਸ ਦਾ ਚੋਰੀ ਕਰਨ ਦਾ ਤਰੀਕਾ ਬੇਹੱਦ ਸ਼ਾਤਰ ਸੀ। ਏ.ਸੀ.ਪੀ. ਰਾਜਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਮੁਲਜ਼ਮ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਦੌਰਾਨ ਪੁਲਸ ਨੇ ਦੋ ਪੜਾਵਾਂ ਵਿੱਚ ਰਿਕਾਰਡ ਰਿਕਵਰੀ ਕੀਤੀ ਹੈ।

24 ਮਈ ਨੂੰ ਰਿਮਾਂਡ ਦੇ ਪਹਿਲੇ ਪੜਾਅ ਵਿਚ ਪੁਲਸ ਨੇ ਮਹਿਲਾ ਕੋਲੋਂ 1 ਲੱਖ 50 ਹਜ਼ਾਰ ਰੁਪਏ ਦੀ ਨਕਦੀ, ਚੋਰੀ ਕੀਤੀ 7.62 ਐੱਮ.ਐੱਮ. ਦੀ ਪਿਸਤੌਲ ਤੇ ਮੈਗਜ਼ੀਨ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਬਾਅਦ 26 ਮਈ ਨੂੰ ਪੁੱਛਗਿੱਛ ਅੱਗੇ ਵਧੀ ਤਾਂ ਮਹਿਲਾ ਦੀ ਨਿਸ਼ਾਨਦੇਹੀ ’ਤੇ ਦੋ ਸੋਨੇ ਦੀਆਂ ਚੇਨਾਂ, ਤਿੰਨ ਲੇਡੀਜ਼ ਅੰਗੂਠੀਆਂ, ਦੋ ਜੈਂਟਸ ਅੰਗੂਠੀਆਂ, ਸੋਨੇ ਦੀਆਂ ਵਾਲੀਆਂ ਤੇ ਦੋ ਜੋੜੀ ਛੋਟੇ ਕੰਨ ਦੇ ਕੋਕੇ ਕੁੱਲ ਵਜ਼ਨ ਕਰੀਬ 35 ਗ੍ਰਾਮ ਸੋਨੇ ਦੇ ਗਹਿਣੇ, 13 ਜ਼ਿੰਦਾ ਕਾਰਤੂਸ ਤੇ 1 ਲੱਖ 30 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ।

ਪੁਲਸ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਮਹਿਲਾ ਪਹਿਲਾਂ ਫ਼ੋਨ ’ਤੇ ਗੱਲਬਾਤ ਵਧਾ ਕੇ ਫ੍ਰੈਂਡਸ਼ਿਪ ਕਰਦੀ ਸੀ ਅਤੇ ਵਿਸ਼ਵਾਸ ਜਿੱਤਣ ਤੋਂ ਬਾਅਦ ਸਹੇਲੀ ਬਣ ਕੇ ਘਰ ਵਿਚ ਦਾਖ਼ਲ ਹੁੰਦੀ ਸੀ। ਮੌਕਾ ਮਿਲਦੇ ਹੀ ਉਹ ਹੱਥ ਸਾਫ਼ ਕਰ ਦਿੰਦੀ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ 27 ਮਈ ਨੂੰ ਦੁਬਾਰਾ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਮੰਗਿਆ ਜਾਵੇਗਾ। ਪੁਲਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਲੇਡੀ ਚੋਰ ਤੋਂ ਹੋਰ ਕਈ ਵਾਰਦਾਤਾਂ ਤੇ ਚੋਰੀ ਦੇ ਮਾਮਲਿਆਂ ਵਿਚ ਵੱਡੇ ਖ਼ੁਲਾਸੇ ਹੋ ਸਕਦੇ ਹਨ।


author

Anmol Tagra

Content Editor

Related News