ਪੰਜਾਬ ''ਚ ਮੁੰਡੇ ਦਾ ਬੇਰਹਿਮੀ ਨਾਲ ਕਤਲ! ਤੜਫ਼ਾ-ਤੜਫ਼ਾ ਕੇ ਲਈ ਜਾਨ
Wednesday, May 27, 2026 - 12:58 PM (IST)
ਲੁਧਿਆਣਾ (ਰਾਜ): ਸ਼ੇਰਪੁਰ ਚੌਂਕ ਦੇ ਨੇੜੇ ਇਕ ਬੇਹੱਦ ਖ਼ੌਫ਼ਨਾਕ ਅਤੇ ਰੂਹ ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਇੱਥੇ ਕੁਝ ਬੇਰਹਿਮ ਲੋਕਾਂ ਨੇ ਇਨਸਾਨੀਅਤ ਨੂੰ ਤਾਰ-ਤਾਰ ਕਰਦਿਆਂ ਇਕ ਅਣਪਛਾਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਾਤਲਾਂ ਨੇ ਨੌਜਵਾਨ ਦੇ ਚਿਹਰੇ ਅਤੇ ਸਿਰ 'ਤੇ ਭਾਰੀ ਪੱਥਰਾਂ ਨਾਲ ਇੰਨੇ ਜ਼ੋਰਦਾਰ ਵਾਰ ਕੀਤੇ ਕਿ ਉਸ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਚੁੱਕਾ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, 26 ਮਈ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਐਨ.ਪੀ.ਸੀ. (NPC) ਟਰਾਂਸਪੋਰਟ ਦੇ ਕੋਲ ਇਕ ਖਾਲੀ ਪਲਾਟ ਵਿਚ ਖੂਨ ਨਾਲ ਲੱਥਪੱਥ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਨੌਜਵਾਨ ਸ਼ੇਰਪੁਰ ਚੌਂਕ ਨੇੜੇ ਸ਼ਰਾਬ ਦੇ ਠੇਕੇ ਕੋਲ ਬੇਸੁਧ ਹਾਲਤ ਵਿਚ ਬੈਠਾ ਸੀ। ਇਸੇ ਦੌਰਾਨ ਮੁਲਜ਼ਮ ਸੰਦੀਪ ਸ਼੍ਰੀਵਾਸਤਵ ਅਤੇ ਇਸ਼ਾਕ ਅਲੀ ਉੱਥੇ ਪਹੁੰਚੇ, ਜੋ ਖ਼ੁਦ ਵੀ ਨਸ਼ੇ ਦੇ ਆਦੀ ਦੱਸੇ ਜਾ ਰਹੇ ਹਨ।
ਦੋਸ਼ ਹੈ ਕਿ ਦੋਵਾਂ ਨੇ ਪਹਿਲਾਂ ਉਸ ਨੌਜਵਾਨ ਨੂੰ ਸਹਾਰਾ ਦੇਣ ਦਾ ਨਾਟਕ ਕੀਤਾ ਅਤੇ ਉਸ ਨੂੰ ਚੁੱਕ ਕੇ ਨੇੜੇ ਦੇ ਇਕ ਸੁਨਸਾਨ ਖਾਲੀ ਪਲਾਟ ਵਿਚ ਲੈ ਗਏ। ਉੱਥੇ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਵਾਂ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕੋਲ ਪਏ ਭਾਰੀ ਪੱਥਰਾਂ ਨਾਲ ਉਸ ਦਾ ਸਿਰ ਅਤੇ ਚਿਹਰਾ ਕੁਚਲ ਦਿੱਤਾ। ਨੌਜਵਾਨ ਨੂੰ ਤੜਫਦਾ ਛੱਡ ਕੇ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜ਼ਿਆਦਾ ਖੂਨ ਵਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਪੁਲਸ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਸੰਦੀਪ ਸ਼੍ਰੀਵਾਸਤਵ (ਨਿਵਾਸੀ ਹਰਦੋਈ, ਉੱਤਰ ਪ੍ਰਦੇਸ਼) ਅਤੇ ਇਸ਼ਾਕ ਅਲੀ (ਨਿਵਾਸੀ ਬਹਿਰਾਇਚ, ਉੱਤਰ ਪ੍ਰਦੇਸ਼) ਵਜੋਂ ਕੀਤੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
