ਬਦਲੀ ਤੋਂ ਦੁਖੀ ਚੌਥਾ ਦਰਜਾ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Thursday, May 21, 2026 - 02:19 PM (IST)
ਲੁਧਿਆਣਾ (ਰਾਜ)- ਸਿਵਲ ਹਸਪਤਾਲ ਕੰਪਲੈਕਸ ਦੇ ਅੰਦਰ ਬੁੱਧਵਾਰ ਨੂੰ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਕੰਮ ਵਾਲੀ ਜਗ੍ਹਾ ’ਤੇ ਅਚਾਨਕ ਬਦਲੀ ਤੋਂ ਪ੍ਰੇਸ਼ਾਨ ਇਕ ਦਰਜਾ ਚਾਰ ਮੁਲਾਜ਼ਮ ਨੇ ਡਿਊਟੀ ਦੌਰਾਨ ਜ਼ਹਿਰੀਲੀਆਂ ਦਵਾਈਆਂ ਖਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਅਚਾਨਕ ਸਿਹਤ ਬਿਗੜਨ ’ਤੇ ਉਥੇ ਮੌਜੂਦ ਸਟਾਫ ਤੇ ਡਾਕਟਰਾਂ ਨੇ ਹਫੜਾ ਦਫੜੀ ਵਿਚ ਉਸ ਨੂੰ ਹਸਪਤਾਲ ਦੇ ਹੀ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਦੀ ਟੀਮ ਉਸ ਦੀ ਜਾਨ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਪੀੜਤ ਮੁਲਾਜ਼ਮ ਦੀ ਪਛਾਣ ਸੰਤੋਖ ਵਜੋਂ ਹੋਈ ਹੈ ਜੋ ਪਿਛਲੇ 12 ਸਾਲਾਂ ਤੋਂ ਹਸਪਤਾਲ ਦੇ ਦਵਾ ਵਿਭਾਗ (ਡਿਸਪੈਂਸਰੀ) ਵਿਚ ਪੂਰੀ ਈਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦੇ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਇਕ ਹੀ ਵਿਭਾਗ ਵਿਚ ਟਿਕੇ ਹੋਣ ਦੇ ਬਾਵਜੂਦ ਹਸਪਤਾਲ ਪ੍ਰਬੰਧਕਾਂ ਨੇ ਹਾਲ ਹੀ ਵਿਚ ਅਚਾਨਕ ਸੰਤੋਖ ਦੀ ਬਦਲੀ ਕਿਸੇ ਦੂਜੀ ਜਗ੍ਹਾ ਕਰ ਦਿੱਤੀ ਸੀ। ਇਸ ਫੇਰਬਦਲ ਨੂੰ ਸੰਤੋਖ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਹ ਗਹਿਰੇ ਮਾਨਸਿਕ ਅਵਸਾਦ ਤੇ ਭਾਰੀ ਤਦਾਅ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ।
ਰੋਜ਼ਾਨਾ ਵਾਂਗ ਉਹ ਬੁੱਧਵਾਰ ਸਵੇਰ ਵੀ ਆਪਣੀ ਡਿਊਟੀ ’ਤੇ ਪੁੱਜਾ ਸੀ। ਦੁਪਹਿਰ ਕਰੀਬ 11.30 ਵਜੇ ਹਸਪਤਾਲ ਵਿਚ ਹੀ ਉਸ ਨੇ ਜ਼ਹਿਰੀਲੀ ਦਵਾ ਲਿਗਲ ਲਈ। ਫਿਰ ਕਿਸੇ ਨੇ ਸੰਤੋਖ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੇ ਕੰਮ ਵਾਲੀ ਜਗ੍ਹਾ ਦ ਅੰਦਰ ਕੋਈ ਨਸ਼ੀਲੀਆਂ ਗੋਲੀਆਂ ਨਿਗਲ ਲਈਆਂ ਹਨ ਅਤੇ ਉਸ ਦੀ ਹਾਲਤ ਲਗਾਵਾਰ ਬਿਗੜਦੀ ਜਾ ਰਹੀ ਹੈ। ਖ਼ਬਰ ਮਿਲਦੇ ਹੀ ਸੰਤੋਖ ਦਾ ਪਰਿਵਾਰ ਸਿਵਲ ਹਸਪਤਾਲ ਪੁੱਜਾ। ਹਾਲ ਦੀ ਘੜੀ ਇਸ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਅਤੇ ਸਥਾਨਕ ਪੁਲਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
