ਬੈਂਕ ਵਾਲਿਆਂ ਤੋਂ ਦੁਖੀ ਹੋ ਕੇ ਮੁੰਡੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Wednesday, May 20, 2026 - 04:03 PM (IST)
ਲੁਧਿਆਣਾ (ਰਾਜ): ਥਾਣਾ ਬਸਤੀ ਜੋਧੇਵਾਲ ਦੇ ਅਧੀਨ ਆਉਂਦੇ ਜਸਪਾਲ ਕਾਲੋਨੀ, ਕਨੀਜਾ ਰੋਡ 'ਤੇ ਉਸ ਸਮੇਂ ਮਾਤਮ ਛਾ ਗਿਆ, ਜਦੋਂ ਕਰਜ਼ੇ ਦੇ ਦਲਦਲ ਅਤੇ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਦੀ ਬਦਸਲੂਕੀ ਤੋਂ ਪਰੇਸ਼ਾਨ ਹੋ ਕੇ ਇਕ ਨੌਜਵਾਨ ਨੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ ਅਮਰ ਗੁਪਤਾ ਵਜੋਂ ਹੋਈ ਹੈ, ਜਿਸ ਨੇ ਆਪਣੇ ਹੀ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਅਮਰ ਗੁਪਤਾ ਨੇ ਇਕ ਨਿੱਜੀ ਬੈਂਕ ਤੋਂ ਆਲਟੋ ਕਾਰ ਫਾਈਨਾਂਸ ਕਰਵਾਈ ਸੀ। ਪਿਛਲੇ ਕੁਝ ਸਮੇਂ ਤੋਂ ਕੰਮ-ਧੰਦਾ ਮੰਦਾ ਹੋਣ ਕਾਰਨ ਉਹ ਕਾਰ ਦੀਆਂ ਕਿਸ਼ਤਾਂ ਸਮੇਂ ਸਿਰ ਨਹੀਂ ਭਰ ਪਾ ਰਹੇ ਸਨ। ਇਸ ਦੇ ਚਲਦਿਆਂ ਬੈਂਕ ਦੇ ਰਿਕਵਰੀ ਕਰਮਚਾਰੀ ਉਨ੍ਹਾਂ ਦੇ ਪਤੀ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਅਤੇ ਪ੍ਰਤਾੜਿਤ ਕਰ ਰਹੇ ਸਨ। ਇਸ ਤੋਂ ਇਲਾਵਾ, ਅਮਰ ਗੁਪਤਾ ਨੇ ਕੁਝ ਹੋਰ ਸਥਾਨਕ ਲੋਕਾਂ ਤੋਂ ਵੀ ਪੈਸੇ ਉਧਾਰ ਲੈ ਰੱਖੇ ਸਨ, ਜੋ ਉਨ੍ਹਾਂ 'ਤੇ ਪੈਸੇ ਵਾਪਸ ਕਰਨ ਦਾ ਲਗਾਤਾਰ ਨਾਜਾਇਜ਼ ਦਬਾਅ ਬਣਾ ਰਹੇ ਸਨ। ਚੌਤਰਫਾ ਕਰਜ਼ੇ ਅਤੇ ਦਬਾਅ ਤੋਂ ਟੁੱਟ ਚੁੱਕੇ ਅਮਰ ਗੁਪਤਾ ਨੇ ਅਖੀਰ 18 ਮਈ ਨੂੰ ਮਾਨਸਿਕ ਤਣਾਅ ਦੇ ਚਲਦਿਆਂ ਆਪਣੇ ਹੀ ਕਮਰੇ ਵਿਚ ਫਾਹਾ ਲਗਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਖੌਫਨਾਕ ਕਦਮ ਤੋਂ ਬਾਅਦ ਪੁਲਸ ਨੇ ਮੁਦਈ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਕੁੱਲ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਹੈ।
