ਰੇਲਵੇ ਸਟੇਸ਼ਨ ''ਤੇ 12 ਘੰਟੇ ਤੋਂ ਵੱਧ ਰਿਹਾ ਬਲੈਕ ਆਊਟ! ਕਈ ਵਿਭਾਗਾਂ ਦਾ ਕੰਮ-ਕਾਜ ਰੁਕਿਆ
Saturday, May 23, 2026 - 03:27 PM (IST)
ਲੁਧਿਆਣਾ (ਗੌਤਮ): ਰੇਲਵੇ ਸਟੇਸ਼ਨ 'ਤੇ ਮੁੱਖ ਬਿਜਲੀ ਸਪਲਾਈ ਦੀ ਤਾਰ ਟੁੱਟਣ ਕਾਰਨ ਕਰੀਬ 12 ਘੰਟੇ ਬਲੈਕ ਆਊਟ ਛਾਇਆ ਰਿਹਾ। ਬਿਜਲੀ ਸਪਲਾਈ ਨਾ ਹੋਣ ਕਾਰਨ ਰੇਲਵੇ ਸਟੇਸ਼ਨ 'ਤੇ ਕਈ ਵਿਭਾਗਾਂ ਦਾ ਕੰਮ-ਕਾਜ ਠੱਪ ਹੋ ਗਿਆ। ਬਿਜਲੀ ਸਪਲਾਈ ਨਾ ਹੋਣ ਦਾ ਪਤਾ ਲੱਗਦਿਆਂ ਹੀ ਸਥਾਨਕ ਅਧਿਕਾਰੀ ਭੱਜ-ਨੱਠ ਵਿਚ ਜੁੱਟ ਗਏ। ਪਹਿਲਾਂ ਚਰਚਾ ਰਹੀ ਕਿ ਚੋਰਾਂ ਨੇ ਬਿਜਲੀ ਦੀ ਤਾਰ ਚੋਰੀ ਕਰ ਲਈ ਹੈ, ਜਿਸ ਕਾਰਨ ਬਿਜਲੀ ਗੁਲ ਹੋ ਗਈ ਹੈ। ਪਰ ਬਾਅਦ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਬਿਜਲੀ ਦੀ ਤਾਰ ਕੱਟ ਗਈ ਸੀ, ਜਿਸ ਕਰਕੇ ਬਿਜਲੀ ਬੰਦ ਰਹੀ।
ਮਿਲੀ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਮੇਨ ਗੇਟ ਦੇ ਸਾਹਮਣੇ ਬਣ ਰਹੀ ਬਿਲਡਿੰਗ ਦੇ ਕੋਲ ਜੇ.ਸੀ.ਬੀ. ਮਸ਼ੀਨ ਨਾਲ ਕੰਮ ਚੱਲ ਰਿਹਾ ਸੀ। ਰਾਤ ਨੂੰ ਕਰੀਬ 11 ਵਜੇ ਇਸ ਕੰਮ ਦੌਰਾਨ ਬਿਜਲੀ ਦੀ ਤਾਰ ਕੱਟ ਗਈ, ਕਿਉਂਕਿ ਬਿਜਲੀ ਦੀ ਮੁੱਖ ਸਪਲਾਈ ਦੀ ਤਾਰ ਅੰਡਰ ਗਰਾਊਂਡ ਪਾਈ ਹੋਈ ਸੀ, ਜਿਸ ਕਾਰਨ ਬਿਜਲੀ ਸਪਲਾਈ ਰੁਕ ਗਈ। ਇਸ ਕਾਰਨ ਪਾਰਸਲ ਵਿਭਾਗ, ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ 'ਤੇ, ਸਟਾਲਾਂ 'ਤੇ, ਮਾਲ ਗੋਦਾਮ ਅਤੇ ਹੋਰ ਥਾਵਾਂ 'ਤੇ ਲਾਈਟ ਬੰਦ ਹੋ ਗਈ। ਸਿਰਫ਼ ਟਿਕਟ ਵਿਕਰੀ ਕੇਂਦਰ ਅਤੇ ਹੋਰ ਐਮਰਜੈਂਸੀ ਥਾਵਾਂ 'ਤੇ ਹੀ ਲਾਈਟ ਦੀ ਸਪਲਾਈ ਚਲਾਈ ਜਾ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਮਿਹਨਤ ਤੋਂ ਬਾਅਦ ਸ਼ਨੀਵਾਰ ਸਵੇਰੇ ਲਾਈਟ ਦੀ ਸਪਲਾਈ ਸ਼ੁਰੂ ਕੀਤੀ ਗਈ। ਬਿਜਲੀ ਸਪਲਾਈ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਵਿਭਾਗਾਂ ਵਿੱਚ ਕੰਮ ਸ਼ੁਰੂ ਹੋਇਆ। ਪਾਰਸਲ ਵਿਭਾਗ ਵਿਚ ਬੁਕਿੰਗ ਦਾ ਕੰਮ ਕਾਫੀ ਸਮੇਂ ਤੱਕ ਠੱਪ ਰਿਹਾ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਤਾਰ ਟੁੱਟਣ ਸਬੰਧੀ ਲੇਬਰ ਵੱਲੋਂ ਕੀਤੀ ਗਈ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
