ਖੰਨਾ ''ਚ ਵੋਟਾਂ ਕੱਟਣ ਨੂੰ ਲੈ ਕੇ ਹੰਗਾਮਾ, ਲੋਕਾਂ ਨੇ ਪੋਲਿੰਗ ਬੂਥ ਬਾਹਰ ਲਾਇਆ ਧਰਨਾ

Tuesday, May 26, 2026 - 11:35 AM (IST)

ਖੰਨਾ ''ਚ ਵੋਟਾਂ ਕੱਟਣ ਨੂੰ ਲੈ ਕੇ ਹੰਗਾਮਾ, ਲੋਕਾਂ ਨੇ ਪੋਲਿੰਗ ਬੂਥ ਬਾਹਰ ਲਾਇਆ ਧਰਨਾ

ਖੰਨਾ (ਵਿਪਨ): ਖੰਨਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 5 ਵਿਚ ਵੋਟਰ ਸੂਚੀ ਵਿੱਚੋਂ ਵੋਟਾਂ ਕੱਟੇ ਜਾਣ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ। ਵੋਟ ਪਾਉਣ ਲਈ ਪੋਲਿੰਗ ਬੂਥ ਪਹੁੰਚੇ ਲੋਕਾਂ ਨੇ ਆਪਣੀਆਂ ਵੋਟਾਂ ਨਾ ਮਿਲਣ 'ਤੇ ਰੋਸ ਪ੍ਰਗਟ ਕਰਦਿਆਂ ਬੂਥ ਦੇ ਬਾਹਰ ਧਰਨਾ ਲਾ ਦਿੱਤਾ। ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਧਰਨੇ ਵਿਚ ਸ਼ਾਮਲ ਹੋਣ ਲਈ ਮੌਕੇ 'ਤੇ ਪਹੁੰਚ ਗਏ।

ਧਰਨਾਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਵਿਚ ਵੋਟਰ ਪਰਚੀਆਂ ਭੇਜੀਆਂ ਗਈਆਂ ਸਨ। ਪਰਚੀਆਂ ਵਿਚ ਸਪੱਸ਼ਟ ਤੌਰ 'ਤੇ ਦਰਸਾਇਆ ਗਿਆ ਸੀ ਕਿ ਉਨ੍ਹਾਂ ਦੀ ਵੋਟ ਵਾਰਡ ਨੰਬਰ 5 ਵਿਚ ਹੈ। ਪਰ ਜਦੋਂ ਉਹ ਅੱਜ ਆਪਣਾ ਲੋਕਤਾਂਤਰਿਕ ਹੱਕ ਵਰਤਣ ਲਈ ਪੋਲਿੰਗ ਬੂਥ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿਚ ਨਹੀਂ ਹਨ ਜਾਂ ਉਨ੍ਹਾਂ ਦੀ ਵੋਟ ਕਿਸੇ ਹੋਰ ਥਾਂ ਤਬਦੀਲ ਹੋ ਚੁੱਕੀ ਹੈ।

ਇਸ ਕਾਰਨ ਲੋਕਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਉਨ੍ਹਾਂ ਨੇ ਬੂਥ ਦੇ ਬਾਹਰ ਇਕੱਠੇ ਹੋ ਕੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਵਾਰਡ ਵਿਚ 200 ਤੋਂ ਵੱਧ ਵੋਟਾਂ ਕੱਟੀਆਂ ਗਈਆਂ ਹਨ, ਜਿਸ ਕਾਰਨ ਕਈ ਪਰਿਵਾਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਗਏ ਹਨ। ਲੋਕਾਂ ਨੇ ਇਸ ਨੂੰ ਗੰਭੀਰ ਪ੍ਰਸ਼ਾਸਨਿਕ ਲਾਪਰਵਾਹੀ ਕਰਾਰ ਦਿੰਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ।


author

Anmol Tagra

Content Editor

Related News