''ਪਾਵਰਕਾਮ ਨੂੰ 1350 ਕਰੋੜ ਦੀ ਸਨਅਤੀ ਬਿਜਲੀ ਸਬਸਿਡੀ ਦੇਵੇਗੀ ਸਰਕਾਰ''

12/31/2017 10:13:28 AM

ਨਵਾਂਸ਼ਹਿਰ/ਬੰਗਾ (ਤ੍ਰਿਪਾਠੀ, ਮਹਿਤਾ, ਮਨੋਰੰਜਨ, ਪੂਜਾ, ਮੂੰਗਾ, ਚਮਨ, ਰਾਕੇਸ਼, ਭਾਰਤੀ, ਭਟੋਆ)- ਜਲ ਸਰੋਤ ਤੇ ਬਿਜਲੀ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਆਖਿਆ ਕਿ ਸਨਅਤਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ 1 ਜਨਵਰੀ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਲਈ ਪੰਜਾਬ ਸਰਕਾਰ, ਪਾਵਰਕਾਮ ਨੂੰ 1350 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਰਾਸ਼ੀ ਦੇਵੇਗੀ। 
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਕਿ ਖਟਕੜ ਕਲਾਂ ਵਿਖੇ ਪੁੱਜੇ ਸਨ, ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈ. ਅਮਰਿੰਦਰ ਸਿੰਘ ਸਰਕਾਰ, ਰਾਜ ਦੀ ਪਹਿਲੀ ਅਜਿਹੀ ਸਰਕਾਰ ਬਣ ਗਈ ਹੈ ਜਿਸ ਨੇ ਚੋਣ ਵਾਅਦਿਆਂ ਨੂੰ ਪਹਿਲੇ ਸਾਲ 'ਚ ਹੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। 
ਉਨ੍ਹਾਂ ਆਖਿਆ ਕਿ ਖਟਕੜ ਕਲਾਂ ਵਿਖੇ ਸਥਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਦੇ ਕਾਰਜ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਤੋਂ ਲੋੜੀਂਦੇ ਫੰਡ ਮਨਜ਼ੂਰ ਹੋ ਗਏ ਹਨ। ਖਟਕੜ ਕਲਾਂ ਅਤੇ ਹੁਸੈਨੀਵਾਲਾ ਸਥਿਤ ਯਾਦਗਾਰਾਂ ਲਈ 15 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਬਿਸਤ ਦੋਆਬ ਨਹਿਰ ਦੀ ਕੰਕਰੀਟ ਲਾਈਨਿੰਗ ਦੇ ਰੁਕੇ ਕੰਮ ਨੂੰ ਉਨ੍ਹਾਂ ਜਲਦ ਹੀ ਲੋੜੀਂਦੀ ਰਾਸ਼ੀ ਦਾ ਪ੍ਰਬੰਧ ਕਰ ਕੇ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦੋਆਬੇ ਦੇ 4 ਜ਼ਿਲਿਆਂ ਦੀ ਖੇਤੀਬਾੜੀ ਸਿੰਚਾਈ ਦੇ ਇਸ ਅਹਿਮ ਸੋਮੇ ਦੇ ਨਵੀਨੀਕਰਨ ਨੂੰ ਸਰਕਾਰ ਪਹਿਲ ਦੇ ਆਧਾਰ 'ਤੇ ਪੂਰਾ ਕਰੇਗੀ। 
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਜਾਂਦੀ ਬਿਆਨਬਾਜ਼ੀ 'ਤੇ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਅਤੇ ਇਸ ਵਿਚ ਉਨ੍ਹਾਂ ਦਾ ਕੋਈ ਹੱਥ ਸਾਬਤ ਨਹੀਂ ਹੋਇਆ। ਇਸ ਮੌਕੇ ਡੀ.ਐੱਸ.ਪੀ. ਬੰਗਾ ਪਰਮਜੀਤ ਸਿੰਘ, ਨਾਇਬ ਤਹਿਸੀਲਦਾਰ ਬੰਗਾ ਧਰਮਿੰਦਰ ਕੁਮਾਰ ਤੋਂ ਇਲਾਵਾ ਜ਼ਿਲਾ ਕਾਂਗਰਸ ਦੇ ਪ੍ਰਧਾਨ ਸਤਬੀਰ ਸਿੰਘ ਪੱਲੀ ਝਿੱਕੀ, ਮਾਰਕਫ਼ੈੱਡ ਦੇ ਸਾਬਕਾ ਚੇਅਰਮੈਨ ਮਲਕੀਤ ਸਿੰਘ ਬਾਹੜੋਵਾਲ, ਬਲਾਕ ਕਾਂਗਰਸ ਬੰਗਾ ਦੇ ਪ੍ਰਧਾਨ ਰਘਵੀਰ ਸਿੰਘ ਬਿੱਲਾ, ਯੂਥ ਕਾਂਗਰਸ ਬੰਗਾ ਦੇ ਪ੍ਰਧਾਨ ਦ੍ਰਵਜੀਤ ਸਿੰਘ ਪੂਨੀ, ਪੈਲੇਸ ਦੇ ਪ੍ਰਬੰਧਕ ਹਰਭਜਨ ਸਿੰਘ ਭਰੋਲੀ, ਸਾਬਕਾ ਚੇਅਰਮੈਨ ਪੀ.ਏ.ਡੀ.ਬੀ. ਬੰਗਾ, ਮੁਖਤਿਆਰ ਸਿੰਘ ਸੰਧੂ, ਕਸ਼ਮੀਰ ਸਿੰਘ ਭਰੋਲੀ, ਮਨਦੀਪ ਸਿੰਘ ਨਿਰਵਾਨ ਅਤੇ ਸੀਨੀਅਰ ਕਾਂਗਰਸ ਆਗੂ ਕੇਵਲ ਸਿੰਘ ਖਟਕੜ ਮੌਜੂਦ ਸਨ।


Related News