ਪੰਜਾਬ 'ਚ ਪਹਿਲੀ ਵਾਰ ਦਿਨ 'ਚ ਸਸਤੀ ਤੇ ਰਾਤ ਨੂੰ ਮਹਿੰਗੀ ਮਿਲ ਰਹੀ ਬਿਜਲੀ
Saturday, Jun 22, 2024 - 02:48 PM (IST)
ਚੰਡੀਗੜ੍ਹ : ਪੰਜਾਬ 'ਚ ਪਹਿਲੀ ਵਾਰ ਪਾਵਰਕਾਮ ਨੂੰ ਬਾਹਰਲੇ ਸਰੋਤਾਂ ਤੋਂ ਦਿਨ 'ਚ ਬਿਜਲੀ ਸਸਤੀ ਅਤੇ ਰਾਤ ਨੂੰ ਮਹਿੰਗੀ ਮਿਲ ਰਹੀ ਹੈ। ਇਸ ਬਾਰੇ ਪਾਵਰਕਾਮ ਦੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂੰ ਕਰਵਾਇਆ ਹੈ। ਦਰਅਸਲ ਮੁੱਖ ਮੰਤਰੀ ਸੂਬੇ 'ਚ ਬਿਜਲੀ ਦੀ ਮੰਗ ਦੇ ਰਿਕਾਰਡ 16 ਹਜ਼ਾਰ ਮੈਗਾਵਾਟ ਦੇ ਪਾਰ ਪੁੱਜਣ ਤੋਂ ਬਾਅਦ ਹਾਲਾਤ 'ਤੇ ਅਧਿਕਾਰੀਆਂ ਨਾਲ ਚਰਚਾ ਕਰ ਰਹੇ ਸਨ।
ਬੈਠਕ 'ਚ ਮੌਜੂਦ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ 32 ਸਾਲਾਂ ਤੋਂ ਪੰਜਾਬ 'ਚ ਨੌਕਰੀ ਕਰ ਰਹੇ ਹਨ ਅਤੇ ਹਰ ਵਾਰ ਪਾਵਰਕਾਮ ਇਹ ਕਹਿੰਦਾ ਸੀ ਕਿ ਰਾਤ ਨੂੰ ਬਿਜਲੀ ਲੈਣ 'ਤੇ ਛੋਟ ਦਿੱਤੀ ਜਾਵੇਗੀ। ਦਿਨ 'ਚ ਬਿਜਲੀ ਮਹਿੰਗੀ ਮਿਲੇਗੀ। ਹੁਣ ਹਾਲਾਤ ਬਦਲ ਗਏ ਹਨ। ਆਮ ਤੌਰ 'ਤੇ ਰਾਤ ਨੂੰ ਬਿਜਲੀ ਜ਼ਿਆਦਾ ਹੋਣ ਨਾਲ ਪਾਵਰਕਾਮ ਰਾਤ ਨੂੰ ਬਿਜਲੀ ਦਰਾਂ ਘੱਟ ਕਰਦਾ ਹੈ ਪਰ ਇਸ ਵਾਰ ਉਲਟਾ ਹੈ। ਦਿਨ 'ਚ ਬਿਜਲੀ ਸਸਤੀ ਮਿਲ ਰਹੀ ਹੈ। ਇਸ ਕਾਰਨ ਕਿਸਾਨਾਂ ਨੂੰ ਵੀ ਦਿਨ 'ਚ ਹੀ ਬਿਜਲੀ ਮਿਲ ਰਹੀ ਹੈ।
ਦਿਨ 'ਚ ਬਿਜਲੀ ਸਸਤੀ ਹੋਣ ਦਾ ਇਕ ਕਾਰਨ ਸੋਲਰ ਪਲਾਂਟ ਵੀ ਹੈ ਕਿਉਂਕਿ ਰਾਤ ਨੂੰ ਸੋਲਰ ਪਲਾਂਟਾਂ ਤੋਂ ਬਿਜਲੀ ਮੁਹੱਈਆ ਨਹੀਂ ਹੁੰਦੀ। ਇਸ ਲਈ ਹੋਰ ਸਰੋਤਾਂ ਤੋਂ ਆਉਣ ਵਾਲੀ ਬਿਜਲੀ ਮਹਿੰਗੀ ਹੋ ਜਾਂਦੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੋਰ ਸੂਬਿਆਂ 'ਚ ਵੀ ਸੂਰਜੀ ਊਰਜਾ ਦੇ ਵੱਡੇ ਪਲਾਂਟ ਲੱਗ ਰਹੇ ਹਨ, ਜਿੱਥੇ ਇਨ੍ਹੀਂ ਦਿਨੀਂ ਭਾਰੀ ਗਰਮੀ ਦੇ ਕਾਰਨ ਚੰਗੀ ਬਿਜਲੀ ਪੈਦਾ ਹੋ ਰਹੀ ਹੈ ਅਤੇ ਦਿਨ ਦੇ ਸਮੇਂ ਇਹ ਊਰਜਾ ਸਸਤੀਆਂ ਦਰਾਂ 'ਤੇ ਮੁਹੱਈਆ ਹੈ।