ਚੰਡੀਗੜ੍ਹ ''ਚ ਪਹਿਲੀ ਵਾਰ 15 ਦਿਨ ਚੱਲੀ Heat Wave, ਬਿਜਲੀ ਦੀ ਖ਼ਪਤ ਦੇ ਟੁੱਟੇ ਸਾਰੇ ਰਿਕਾਰਡ

06/18/2024 11:43:36 AM

ਚੰਡੀਗੜ੍ਹ (ਰੋਹਾਲ) : ਮੌਸਮ ਵਿਭਾਗ ਦੀ ਰਿਕਾਰਡ ਸ਼ੀਟ ’ਚ ਇਸ ਸਾਲ ਗਰਮੀ ਦੇ ਕਈ ਪੁਰਾਣੇ ਰਿਕਾਰਡ ਟੁੱਟਣ ਤੋਂ ਬਾਅਦ ਹੁਣ ਚੰਡੀਗੜ੍ਹ ਸ਼ਹਿਰ ਇਸ ਵਾਰ ਸਭ ਤੋਂ ਜ਼ਿਆਦਾ ਦਿਨਾਂ ਤੱਕ ਹੀਟ ਵੇਵ ਮਤਲਬ ਕਿ ਲੂ ਦੀ ਮਾਰ ਵੀ ਝੱਲ ਚੁੱਕਾ ਹੈ। ਇਸ ਵਾਰ ਗਰਮੀਆਂ ਦੇ ਮੌਸਮ ’ਚ ਚੰਡੀਗੜ੍ਹ ਨੂੰ ਪਹਿਲੀ ਵਾਰ 15 ਦਿਨਾਂ ਤੱਕ ਹੀਟ ਵੇਵ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਕਦੇ ਇੰਨੇ ਦਿਨਾਂ ਤੱਕ ਚੰਡੀਗੜ੍ਹ ਸ਼ਹਿਰ ਨੂੰ ਇੰਨੀ ਭਿਆਨਕ ਹੀਟ ਵੇਵ ਨਾਲ ਭਰੇ ਦਿਨਾਂ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਰਿਕਾਰਡ ਤੋੜ ਗਰਮੀ ਕਾਰਨ ਇਸ ਵਾਰ ਚੰਡੀਗੜ੍ਹ ਸ਼ਹਿਰ ’ਚ ਬਿਜਲੀ ਦੀ ਖ਼ਪਤ ਨੇ ਵੀ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦੌਰਾਨ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਤਾਪਮਾਨ 44 ਡਿਗਰੀ ਨੂੰ ਪਾਰ ਕਰ ਕੇ 44.5 ਡਿਗਰੀ ਦਰਜ ਕੀਤਾ ਗਿਆ। ਰਾਤ ਨੂੰ ਵੀ ਤਾਪਮਾਨ ’ਚ ਲਗਾਤਾਰ ਵਾਧਾ ਹੋਣ ਕਾਰਨ ਘੱਟੋ-ਘੱਟ ਤਾਪਮਾਨ 31.5 ਡਿਗਰੀ ਤੋਂ ਹੇਠਾਂ ਨਹੀਂ ਡਿੱਗਿਆ। ਹਾਲਾਂਕਿ ਬੁੱਧਵਾਰ ਤੋਂ ਰਾਹਤ ਦੀ ਖ਼ਬਰ ਇਹ ਹੈ ਕਿ 7 ਦਿਨਾਂ ਤੱਕ ਮੌਜੂਦਾ ਭਿਆਨਕ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਬਾਅਦ 3 ਦਿਨ ਮੀਂਹ ਦੀਆਂ ਵਾਛੜਾਂ ਪੈਣ ਦੀ ਸੰਭਾਵਨਾ ਦੇ ਬਾਵਜੂਦ ਤਾਪਮਾਨ ਜ਼ਿਆਦਾ ਨਹੀਂ ਵਧੇਗਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਅਨੁਸਾਰ 19 ਤੋਂ 25 ਜੂਨ ਦਰਮਿਆਨ ਤਾਪਮਾਨ ’ਚ ਗਿਰਾਵਟ ਕਾਰਨ ਮੌਜੂਦਾ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਪਿਛਲੀ ਚੋਣ ’ਚ ‘ਆਪ’ ਦੀ ਟਿਕਟ ’ਤੇ ਵਿਧਾਇਕ ਬਣੇ ਸ਼ੀਤਲ ਅੰਗੁਰਾਲ ਇਸ ਵਾਰ ਬਣੇ BJP ਦੇ ਉਮੀਦਵਾਰ
ਪ੍ਰੀ-ਮਾਨਸੂਨ ਨਹੀਂ, ਤਿੰਨ ਦਿਨ ਪੱਛਮੀ ਗੜਬੜੀ ਕਾਰਨ ਪਵੇਗਾ ਮੀਂਹ
ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਹੋਣ ਵਾਲੀ ਬਾਰਸ਼ ਪ੍ਰੀ-ਮਾਨਸੂਨ ਦੀ ਬਾਰਸ਼ ਨਹੀਂ ਹੋਵੇਗੀ। ਮੌਸਮ ਵਿਭਾਗ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ 19 ਤੋਂ 21 ਜੂਨ ਦਰਮਿਆਨ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ’ਚ ਸਰਗਰਮ ਰਹਿਣ ਵਾਲੀ ਪੱਛਮੀ ਗੜਬੜੀ ਕਾਰਨ ਮੀਂਹ ਦੀ ਵਾਛੜ ਪੈਣ ਦੀ ਸੰਭਾਵਨਾ ਹੈ ਪਰ ਇਹ ਪ੍ਰੀ-ਮਾਨਸੂਨ ਨਹੀਂ ਹੋਵੇਗੀ। ਪ੍ਰੀ-ਮਾਨਸੂਨ ਦੀਆਂ ਵਾਛੜਾਂ ਪੂਰਬੀ ਹਵਾਵਾਂ ਨਾਲ ਆਉਂਦੀਆਂ ਹਨ, ਜਦੋਂ ਕਿ ਅਗਲੇ ਤਿੰਨ ਦਿਨਾਂ ਤੱਕ ਹੋਣ ਵਾਲੀ ਬਾਰਸ਼ ਪੱਛਮੀ ਹਵਾਵਾਂ ਕਾਰਨ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੀ ਬਾਰਸ਼ ਕਾਰਨ ਤਾਪਮਾਨ 25 ਜੂਨ ਤੱਕ ਆਮ ਵਾਂਗ ਰਹੇਗਾ। ਮਾਨਸੂਨ ਹਾਲੇ ਗੁਜਰਾਤ ਨੇੜੇ ਪਹੁੰਚਿਆ ਹੈ ਅਤੇ ਦੇਸ਼ ਦੇ ਪੂਰਬੀ ਹਿੱਸੇ ਤੋਂ ਵੀ ਮਾਨਸੂਨ ਅੱਗੇ ਨਹੀਂ ਵਧਿਆ ਹੈ। ਇਸ ਲਈ ਫ਼ਿਲਹਾਲ ਇਹ ਰਾਹਤ ਦੀ ਬਾਰਸ਼ ਪੱਛਮੀ ਗੜਬੜੀ ਕਾਰਨ ਹੋਵੇਗੀ।
ਪਹਿਲੀ ਵਾਰ ਚੰਡੀਗੜ੍ਹ ’ਚ 15 ਤਾਂ ਏਅਰਪੋਰਟ ’ਤੇ 22 ਦਿਨ ਹੀਟ ਵੇਵ
ਚੰਡੀਗੜ੍ਹ ’ਚ ਆਮ ਤੌਰ ’ਤੇ ਵੱਧ ਤੋਂ ਵੱਧ 5 ਤੋਂ 7 ਦਿਨਾਂ ਤੱਕ ਹੀਟ ਵੇਵ ਚੱਲਦੀ ਹੈ। ਮੌਸਮ ਵਿਭਾਗ ਵੱਲੋਂ ਤੈਅ ਮਾਪਦੰਡਾਂ ਮੁਤਾਬਕ ਉਨ੍ਹਾਂ ਦਿਨਾਂ ਨੂੰ ਹੀਟ ਵੇਵ ਦਿਨਾਂ ਵਜੋਂ ਦਰਜ ਕੀਤਾ ਜਾਂਦਾ ਹੈ, ਜਦੋਂ ਕਿਸੇ ਸਥਾਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4 ਤੋਂ 7 ਡਿਗਰੀ ਵੱਧ ਹੁੰਦਾ ਹੈ ਤੇ ਆਲੇ-ਦੁਆਲੇ ਦੇ ਖੇਤਰਾਂ ’ਚ ਵੀ ਮੌਸਮ ਦਾ ਪੈਟਰਨ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੋਵੇ। ਇਸ ਵਾਰ ਚੰਡੀਗੜ੍ਹ ਤੇ ਆਸ-ਪਾਸ ਪੰਜਾਬ ਅਤੇ ਹਰਿਆਣਾ ’ਚ ਵੀ ਤਾਪਮਾਨ ਆਮ ਨਾਲੋਂ 6 ਡਿਗਰੀ ਤੋਂ ਵੱਧ ਰਿਹਾ। ਇਸ ਕਾਰਨ ਚੰਡੀਗੜ੍ਹ ਸ਼ਹਿਰ ’ਚ ਮਈ ਮਹੀਨੇ ਦੇ 6 ਦਿਨ ਤੇ ਜੂਨ ਮਹੀਨੇ ਦੇ 9 ਦਿਨਾਂ ਨੂੰ ਮਿਲਾ ਕੇ ਸ਼ਹਿਰ ’ਚ 15 ਦਿਨ ਹੀਟ ਵੇਵ ਚੱਲੀ। ਚੰਡੀਗੜ੍ਹ ਹਵਾਈ ਅੱਡੇ ’ਤੇ ਤਾਂ 22 ਦਿਨ ਹੀਟ ਵੇਵ ਵਾਲੇ ਰਿਕਾਰਡ ਹੋਏ ਕਿਉਂਕਿ ਹਵਾਈ ਅੱਡੇ ’ਤੇ ਤਾਪਮਾਨ ਚੰਡੀਗੜ੍ਹ ਸ਼ਹਿਰ ਨਾਲੋਂ ਜ਼ਿਆਦਾ ਰਹਿੰਦਾ ਹੈ। ਹਵਾਈ ਅੱਡੇ ’ਤੇ ਮਈ ’ਚ 10 ਦਿਨ ਤੇ ਜੂਨ ’ਚ ਹੁਣ ਤੱਕ 12 ਦਿਨ ਹੀਟ ਵੇਵ ਚੱਲੀ।

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅੱਜ 'ਲੂ' ਦਾ ਅਲਰਟ, ਦੁਪਹਿਰ 12 ਤੋਂ 3 ਵਜੇ ਤੱਕ ਜਾਰੀ ਹੋਈ Warning
ਗਰਮੀ ਨੇ ਤੋੜੇ ਬਿਜਲੀ ਦੀ ਖ਼ਪਤ ਦੇ ਸਾਰੇ ਰਿਕਾਰਡ
ਇਸ ਵਾਰ ਦੀ ਗਰਮੀ ਨੇ ਚੰਡੀਗੜ੍ਹ ’ਚ ਬਿਜਲੀ ਦੀ ਖ਼ਪਤ ਦੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮਈ ਮਹੀਨੇ ਦੀ ਅਸਾਧਾਰਨ ਗਰਮੀ ਦਰਮਿਆਨ 30 ਮਈ ਨੂੰ ਚੰਡੀਗੜ੍ਹ ਸ਼ਹਿਰ ’ਚ ਬਿਜਲੀ ਦੀ ਖ਼ਪਤ ਨੇ ਹੁਣ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹੁਣ ਤੱਕ ਚੰਡੀਗੜ੍ਹ ’ਚ ਇਕ ਦਿਨ ’ਚ ਬਿਜਲੀ ਦੀ ਸਭ ਤੋਂ ਵੱਧ ਖ਼ਪਤ 2019 ’ਚ ਦਰਜ ਕੀਤੀ ਗਈ ਸੀ। ਉਸ ਸਾਲ ਇਕ ਦਿਨ ’ਚ 431 ਮੈਗਾਵਾਟ ਬਿਜਲੀ ਦੀ ਖ਼ਪਤ ਹੋਈ ਸੀ ਪਰ ਇਸ ਵਾਰ ਮਈ ਮਹੀਨੇ ’ਚ ਪਹਿਲਾਂ ਇਹ ਰਿਕਾਰਡ ਟੁੱਟਿਆ। 30 ਮਈ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੀ ਤੇ ਉਸ ਦਿਨ ਸ਼ਹਿਰ ’ਚ ਸਭ ਤੋਂ ਵੱਧ 438 ਮੈਗਾਵਾਟ ਤੱਕ ਬਿਜਲੀ ਦੀ ਖ਼ਪਤ ਪਹੁੰਚ ਗਈ। ਫਿਰ ਜੂਨ ਮਹੀਨੇ 12 ਜੂਨ ਤੋਂ ਬਾਅਦ ਪਾਰਾ ਹੋਰ ਵੱਧਣਾ ਸ਼ੁਰੂ ਹੋ ਗਿਆ ਤੇ 13 ਜੂਨ ਨੂੰ ਜਦੋਂ ਤਾਪਮਾਨ 44.4 ਡਿਗਰੀ ਤੱਕ ਪਹੁੰਚ ਗਿਆ ਤਾਂ ਸ਼ਹਿਰ ’ਚ 448 ਮੈਗਾਵਾਟ ਬਿਜਲੀ ਦੀ ਖ਼ਪਤ ਪੀਕ ਆਵਰਜ਼ ਦੌਰਾਨ ਹੋਈ। 16 ਜੂਨ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਸ਼ਹਿਰ ’ਚ ਬਿਜਲੀ ਦੀ ਖ਼ਪਤ 386 ਮੈਗਾਵਾਟ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News