ਕਰੰਟ ਲੱਗਣ ਨਾਲ ਬਿਜਲੀ ਮਕੈਨਿਕ ਦੀ ਮੌਤ
Monday, May 27, 2024 - 02:12 PM (IST)
ਸਮਾਣਾ (ਦਰਦ) : ਖਰਾਬ ਹੋਈ ਬਿਜਲੀ ਦੀ ਮੋਟਰ ਜ਼ਮੀਨ ’ਚੋਂ ਕੱਢਣ ਲਈ ਲਗਾਈ ਜਾ ਰਹੀ ਚੇਨ- ਕੁੱਪੀ ਉੱਪਰੋਂ ਲੰਘ ਰਹੀ ਹਾਈ ਵੋਲਟੇਜ ਤਾਰਾਂ ਨਾਲ ਛੂਹ ਜਾਣ ਨਾਲ ਲੱਗੇ ਤੇਜ਼ ਕਰੰਟ ਕਾਰਨ ਬਿਜਲੀ ਮਕੈਨਿਕ ਦੀ ਮੌਤ ਹੋ ਗਈ ਜਦ ਕਿ ਉਸ ਨਾਲ ਮੌਜੂਦ ਹੋਰ ਦੋ ਵਿਅਕਤੀ ਵਾਲ-ਵਾਲ ਬੱਚ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਰਾਜਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ (52) ਨਿਵਾਸੀ ਪਿੰਡ ਜਮਾਲਪੁਰ ਦੇ ਪੁੱਤਰ ਵਰਿੰਦਰ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਪਿੰਡ ਵਿਚ ਬਿਜਲੀ ਮਕੈਨਿਕ ਵਜੋਂ ਦੁਕਾਨ ਚਲਾਉਂਦਾ ਹੈ। ਐਤਵਾਰ ਸਵੇਰੇ ਪਿੰਡ ਫਤਿਹਪੁਰ ਦੇ ਕਿਸਾਨ ਰਣਧੀਰ ਸਿੰਘ ਵੱਲੋਂ ਸਰਾਂਪਤੀ, ਸਮਾਣਾ ’ਚ ਠੇਕੇ ’ਤੇ ਲਏ ਖੇਤ ’ਚੋਂ ਖਰਾਬ ਹੋਈ ਬਿਜਲੀ ਦੀ ਮੋਟਰ ਨੂੰ ਬੋਰ ਤੋਂ ਬਾਹਰ ਕੱਢਣ ਗਿਆ ਸੀ। ਬੋਰ ’ਚੋਂ ਮੋਟਰ ਨੂੰ ਬਾਹਰ ਕੱਢਣ ਲਈ ਚੇਨ ਕੁੱਪੀ ਸਿੱਧੀ ਕਰਦੇ ਹੋਏ ਅਚਾਨਕ ਸੰਤੁਲਨ ਵਿਗਡ਼ਨ ਨਾਲ ਉੱਪਰ ਤੋਂ ਲੰਘ ਰਹੀ ਹਾਈ ਵੋਲਟੇਜ ਤਾਰਾਂ ਨੂੰ ਛੂਹ ਗਈ, ਜਿਸ ਨਾਲ ਤੇਜ ਕਰੰਟ ਨਾਲ ਜੋਰਦਾਰ ਝਟਕਾ ਲੱਗਿਆ ਅਤੇ ਉਸਦਾ ਪਿਤਾ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਗਿਆ।
ਜਾਣਕਾਰੀ ਅਨੁਸਾਰ ਬਿਜਲੀ ਕਰੰਟ ਨੂੰ ਬੇਅਸਰ ਬਣਾਉਣ ਲਈ ਇਕ ਪੁਰਾਣੀ ਤਕਨੀਕ ਨੂੰ ਅਪਣਾਉਂਦੇ ਹੋਏ ਖੇਤ ’ਚ ਮੌਜੂਦ ਲੋਕਾਂ ਵੱਲੋਂ ਗੁਰਦੀਪ ਸਿੰਘ ਦੇ ਸਰੀਰ ਨੂੰ ਦੋ ਘੰਟੇ ਮਿੱਟੀ ’ਚ ਦੱਬ ਕੇ ਰੱਖਿਆ ਗਿਆ ਪਰ ਇਸ ਤਕਨੀਕ ਨਾਲ ਕੋਈ ਲਾਭ ਨਾ ਹੁੰਦਾ ਵੇਖ ਉਸ ਨੂੰ ਬੇਹੋਸ਼ੀ ਹਾਲਤ ’ਚ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਇਕ ਪੁੱਤਰ ਅਤੇ ਇਕ ਲਡ਼ਕੀ ਛੱਡ ਗਿਆ ਹੈ।