ਮੰਗਾਫ ਅਗਨੀਕਾਂਡ ਪੀੜਤਾਂ ਦੇ ਪਰਿਵਾਰਾਂ ਨੂੰ 12.5 ਲੱਖ ਰੁਪਏ ਮੁਆਵਜ਼ਾ ਦੇਵੇਗੀ ਕੁਵੈਤ ਸਰਕਾਰ
Wednesday, Jun 19, 2024 - 11:02 AM (IST)
 
            
            ਦੁਬਈ/ਕੁਵੈਤ ਸਿਟੀ (ਭਾਸ਼ਾ)- ਕੁਵੈਤ ਦੀ ਸਰਕਾਰ ਦੱਖਣੀ ਅਹਿਮਦੀ ਗਵਰਨਰੇਟ 'ਚ ਪਿਛਲੇ ਦਿਨੀਂ ਲੱਗੀ ਅੱਗ ਵਿਚ ਮਾਰੇ ਗਏ 46 ਭਾਰਤੀਆਂ ਸਮੇਤ ਸਾਰੇ 50 ਲੋਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਡਾਲਰ ਦਾ ਮੁਆਵਜ਼ਾ ਦੇਵੇਗੀ। ਇਹ ਦਾਅਵਾ ਇਕ ਖ਼ਬਰ ਵਿੱਚ ਕੀਤਾ ਗਿਆ ਹੈ। ਕੁਵੈਤ ਦੇ ਅਧਿਕਾਰੀਆਂ ਮੁਤਾਬਕ ਮੰਗਾਫ ਇਲਾਕੇ 'ਚ 12 ਜੂਨ ਨੂੰ 7 ਮੰਜ਼ਿਲਾ ਇਮਾਰਤ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਇਮਾਰਤ 'ਚ 196 ਪ੍ਰਵਾਸੀ ਮਜ਼ਦੂਰ ਰਹਿ ਰਹੇ ਸਨ, ਜਿਨ੍ਹਾਂ 'ਚ ਜ਼ਿਆਦਾਤਰ ਭਾਰਤੀ ਸਨ। 'ਅਰਬ ਟਾਈਮਜ਼' ਅਖਬਾਰ 'ਚ ਮੰਗਲਵਾਰ ਨੂੰ ਛਪੀ ਖ਼ਬਰ ਮੁਤਾਬਕ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਆਦੇਸ਼ 'ਤੇ 15 ਹਜ਼ਾਰ ਡਾਲਰ (12.5 ਲੱਖ ਰੁਪਏ) ਦੀ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਭਿਆਨਕ ਗਰਮੀ ਨੇ ਤੋੜੇ ਸਾਰੇ ਰਿਕਾਰਡ, ਇਕ ਹਫ਼ਤੇ ਅੰਦਰ 550 ਹੱਜ ਯਾਤਰੀਆਂ ਦੀ ਹੋਈ ਮੌਤ
ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਅਖ਼ਬਾਰ ਨੇ ਲਿਖਿਆ ਕਿ ਸੰਬੰਧਤ ਦੂਤਘਰਾਂ ਨੂੰ ਇਹ ਰਾਸ਼ੀ ਪਹੁੰਚਾਈ ਜਾਵੇਗੀ। ਅਗਨੀਕਾਂਡ 'ਚ ਫਿਲੀਪੀਨ ਦੇ ਤਿੰਨ ਨਾਗਰਿਕ ਵੀ ਮਾਰੇ ਗਏ ਸਨ ਅਤੇ ਇਕ ਮ੍ਰਿਤਕ ਦੀ ਪਛਾਣ ਨਹੀਂ ਹੋਈ ਹੈ। ਖ਼ਬਰ 'ਚ ਕਿਹਾ ਗਿਆ ਹੈ ਕਿ ਸੰਬੰਧਤ ਦੂਤਘਰ ਮ੍ਰਿਤਕਾਂ ਦੇ ਪਰਿਵਾਰਾਂ ਤੱਕ ਰਾਸ਼ੀ ਪਹੁੰਚਾਉਣ ਦਾ ਕੰਮ ਕਰਨਗੇ। ਭਾਰਤ ਸਰਕਾਰ ਨੇ ਭਿਆਨਕ ਅਗਨੀਕਾਂਡ 'ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਕੇਰਲ ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਇਸ ਹਾਦਸੇ 'ਚ ਜਾਨ ਗੁਆਉਣ ਵਾਲੇ ਆਪਣੇ ਸੂਬੇ ਦੇ ਲੋਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            