ਅੱਜ ਤੋਂ ਇਨ੍ਹਾਂ ਸ਼ਹਿਰਾਂ ''ਚ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੇਣ ਲਈ ਤਿਆਰੀ ਮੁਕੰਮਲ

Saturday, Jun 15, 2024 - 06:37 PM (IST)

ਅੱਜ ਤੋਂ ਇਨ੍ਹਾਂ ਸ਼ਹਿਰਾਂ ''ਚ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੇਣ ਲਈ ਤਿਆਰੀ ਮੁਕੰਮਲ

ਗੁਰਦਾਸਪੁਰ (ਹਰਮਨ)- ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਬਣਾਏ ਪੰਜਾਬ ਪ੍ਰੀਜ਼ਰਵੇਸ਼ਨ ਆਪ ਸਬ ਸਾਇਲ ਵਾਟਰ ਐਕਟ 2009 ਤਹਿਤ ਗੁਰਦਾਸਪੁਰ ਸਮੇਤ ਹੋਰ ਵੱਖ-ਵੱਖ ਜ਼ਿਲ੍ਹਿਆਂ ’ਚ 15 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤਹਿਤ ਕਿਸਾਨਾਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸ਼ਾਮ ਤੱਕ ਆਪਣੇ ਖੇਤ ਵੀ ਤਿਆਰ ਕਰ ਲਏ ਹਨ, ਜਿਸ ਤੋਂ ਬਾਅਦ 15 ਜੂਨ ਤੋਂ ਯਾਨੀ ਅੱਜ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ। ਪਾਵਰਕਾਮ ਵੱਲੋਂ ਵੀ ਕਿਸਾਨਾਂ ਨੂੰ ਨਿਰਵਿਘਨ ਤਿੰਨ ਫੇਜ਼ ਬਿਜਲੀ ਸਪਲਾਈ ਦੇਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਜਦੋਂਕਿ ਬਹੁਤ ਸਾਰੀਆਂ ਨਹਿਰਾਂ ’ਚ ਪਾਣੀ ਆ ਚੁੱਕਾ ਹੈ ਅਤੇ ਕਈ ਰਜਬਾਹਿਆਂ ’ਚ ਵੀ ਪਾਣੀ ਛੱਡ ਦਿੱਤਾ ਗਿਆ ਹੈ।

ਦੂਜੇ ਪਾਸੇ ਕਈ ਰਜਬਾਹਿਆਂ ’ਚ ਅਜੇ ਵੀ ਸਾਫ-ਸਫਾਈ ਨਾ ਹੋਣ ਕਰ ਕੇ ਕਿਸਾਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਝੋਨੇ ਦੀ ਲਵਾਈ ਦਾ ਕੰਮ 11 ਜੂਨ ਨੂੰ ਸ਼ੁਰੂ ਹੋ ਗਿਆ ਸੀ, ਜਦੋਂਕਿ ਗੁਰਦਾਸਪੁਰ, ਮੋਗਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨ ਤਾਰਨ, ਅੰਮ੍ਰਿਤਸਰ ਅਤੇ ਪਠਾਨਕੋਟ ’ਚ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ। ਲਵਾਈ ਦਾ ਸਮਾਂ ਆਉਣ ਕਾਰਨ ਕਿਸਾਨਾਂ ਵੱਲੋਂ ਖੇਤ ਵਾਹ ਕੇ ਤਿਆਰ ਕਰ ਲਏ ਗਏ ਹਨ ਅਤੇ ਪਨੀਰੀ ਵੀ ਤਿਆਰ ਹੋ ਚੁੱਕੀ ਹੈ। ਪ੍ਰਵਾਸੀ ਮਜ਼ਦੂਰ ਵੀ ਵੱਖ-ਵੱਖ ਥਾਵਾਂ ’ਤੇ ਪਹੁੰਚ ਗਏ ਹਨ, ਜਿਨ੍ਹਾਂ ਵੱਲੋਂ ਕੱਲ ਲਵਾਈ ਦਾ ਕੰਮ ਕੀਤਾ ਜਾਣਾ ਹੈ। ਇਸ ਵਾਰ ਕਿਸਾਨਾਂ ਦਾ ਰੁਝਾਨ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਵੱਲ ਜ਼ਿਆਦਾ ਹੈ ਅਤੇ ਕਿਸਾਨਾਂ ਨੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪਨੀਰੀ ਹੀ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ-  ਤਿੰਨ ਦਿਨ ਪਹਿਲਾਂ ਖੰਨਾ 'ਚ ਬੈਂਕ ਡਕੈਤੀ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ, ਕੈਸ਼ ਸਣੇ ਬਰਾਮਦ ਹੋਇਆ ਇਹ ਸਾਮਾਨ

ਜ਼ਿਲ੍ਹੇ ਅੰਦਰ 1.70 ਲੱਖ ਹੈਕਟੇਅਰ ਰਕਬੇ ’ਚ ਲਾਇਆ ਜਾਣੈ ਝੋਨਾ

ਗੁਰਦਾਸਪੁਰ ਜ਼ਿਲ੍ਹੇ ਅੰਦਰ ਹਰੇਕ ਸਾਲ ਤਕਰੀਬਨ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਹੁੰਦੀ ਹੈ, ਜਿਸ ’ਚੋਂ 1 ਲੱਖ 30 ਹਜ਼ਾਰ ਹੈਕਟੇਅਰ ਰਕਬਾ ਝੋਨੇ ਦੀਆਂ ਕਿਸਮਾਂ ਹੇਠ ਹੁੰਦਾ ਹੈ, ਜਦੋਂਕਿ 40 ਹਜ਼ਾਰ ਹੈਕਟੇਅਰ ਦੇ ਕਰੀਬ ਰਕਬੇ ’ਚ ਬਾਸਮਤੀ ਲਾਈ ਜਾਂਦੀ ਹੈ। ਜ਼ਿਲ੍ਹੇ ਅੰਦਰ ਕੁੱਲ 2 ਲੱਖ 58 ਹਜ਼ਾਰ ਹੈਕਟੇਅਰ ਭੂਗੋਲਿਕ ਰਕਬੇ ’ਚੋਂ 32000 ਹੈਕਟੇਅਰ ਰਕਬਾ ਬੰਜਰ ਹੈ।

ਜਦੋਂਕਿ 6400 ਹੈਕਟੇਅਰ ਰਕਬਾ ਬਰਾਨੀ ਹੈ। ਬਾਕੇ ਦੇ 2 ਲੱਖ 20 ਹਜ਼ਾਰ ਹੈਕਟੇਅਰ ਵਾਹੀਯੋਗ ਰਕਬੇ ’ਚੋਂ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ। ਕਰੀਬ 14 ਹਜ਼ਾਰ ਹੈਕਟੇਅਰ ਰਕਬਾ ਨਹਿਰੀ ਪਾਣੀ ਹੇਠ ਹੈ ਜਦੋਂਕਿ ਬਾਕੀ ਦੇ ਰਕਬੇ ’ਚ ਟਿਊਬਵੈੱਲਾਂ ਰਾਹੀਂ ਸਿੰਜਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਔਰਤਾਂ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਲਾਭ

ਪਿਛਲੇ ਸਾਲ ਵਾਂਗ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਮੰਗ

ਪਿੰਡ ਮੁਸਤਫਾਬਾਦ ਦੇ ਕਿਸਾਨ ਗੁਰਦੀਪ ਸਿੰਘ ਅਤੇ ਹੋਰ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਹਰੇਕ ਰਜਬਾਹੇ ਦੀ ਟੇਲ ਤੱਕ ਪਾਣੀ ਪਹੁੰਚਾ ਕੇ ਕਿਸਾਨਾਂ ਦੇ ਦਿਲ ਜਿੱਤ ਲਏ ਸਨ ਪਰ ਇਸ ਵਾਰ ਅਜੇ ਤੱਕ ਕਈ-ਕਈ ਰਜਬਾਹਿਆਂ ਦੀ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਾਜ਼ੀਕੋਟ ਤੋਂ ਵਾਇਆ ਬੱਬੇਹਾਲੀ ਅਤੇ ਮੁਸਤਫਾਬਾਦ ਅਗਾਂਹ ਜਾਣ ਵਾਲਾ ਰਜਬਾਹਾ ਅਜੇ ਵੀ ਜੜ੍ਹੀ ਬੂਟੀਆਂ ਨਾਲ ਭਰਿਆ ਹੋਇਆ ਹੈ, ਜਿਸ ਦੀ ਸਫਾਈ ਨਾ ਹੋਣ ਕਰ ਕੇ ਕਿਸਾਨ ਨਿਰਾਸ਼ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਰਜਬਾਹੇ ਦੀ ਸਫਾਈ ਕਰਵਾ ਕੇ ਪਾਣੀ ਛੱਡਿਆ ਜਾਵੇ ਤਾਂ ਜੋ ਨਹਿਰੀ ਪਾਣੀ ’ਤੇ ਨਿਰਭਰ ਕਰਦੇ ਕਿਸਾਨ ਵੀ ਸਮੇਂ ਸਿਰ ਝੋਨੇ ਦੀ ਲਵਾਈ ਕਰ ਸਕਣ।

ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਕੀਤੀ ਅਪੀਲ

ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਨਾਲ ਪਾਣੀ ਦੀ ਵਰਤੋਂ ਕਰਨ ਅਤੇ ਜਲਦਬਾਜ਼ੀ ਕਰਨ ਦੀ ਬਜਾਏ ਤਸੱਲੀ ਨਾਲ ਝੋਨੇ ਦੀ ਲਵਾਈ ਕਰਨ। ਉਨ੍ਹਾਂ ਕਿਹਾ ਕਿ ਇਹ ਪੂਰਾ ਮਹੀਨਾ ਝੋਨੇ ਦੀ ਲਵਾਈ ਲਈ ਢੁੱਕਵਾਂ ਸਮਾਂ ਹੈ। ਇਸ ਲਈ ਕਿਸਾਨਾਂ ਨੂੰ ਕੋਈ ਕਾਹਲੀ ਕਰਨ ਦੀ ਲੋੜ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਲਵਾਈ ਤੋਂ ਬਾਅਦ ਖਾਦਾਂ ਅਤੇ ਦਵਾਈਆਂ ਦੀ ਵੀ ਸੁਚੱਜੀ ਵਰਤੋਂ ਕੀਤੀ ਜਾਵੇ ਅਤੇ ਕੋਈ ਵੀ ਬੇਲੋੜੀ ਖਾਦ ਜਾਂ ਦਵਾਈ ਨਾ ਪਾਈ ਜਾਵੇ।

ਇਹ ਵੀ ਪੜ੍ਹੋ- ਪੰਜਾਬ 'ਚ 65 ਸਾਲਾਂ ਤੋਂ ਬਾਅਦ ਰਿਕਾਰਡ ਤੋੜ ਗਰਮੀ, ਮੌਸਮ ਵਿਭਾਗ ਵਲੋਂ ਅਗਲੇ 5 ਦਿਨਾਂ ਲਈ ਅਲਰਟ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News