ਨਹਿਰ ਦੇ ਸਾਈਫਨ 'ਚ ਜਮ੍ਹਾ ਕੂੜੇ ਕਾਰਨ ਫੈਲ ਰਹੀ ਹੈ ਗੰਦਗੀ

09/21/2017 12:27:10 AM

ਕਾਠਗੜ੍ਹ,(ਰਾਜੇਸ਼)- ਪਿੰਡ ਪਨਿਆਲੀ ਖੁਰਦ ਕੋਲ ਬਿਸਤ ਦੋਆਬ ਨਹਿਰ 'ਤੇ ਬਣੇ ਸਾਈਫਨ 'ਚ ਜਮ੍ਹਾ ਹੋ ਰਹੇ ਕੂੜੇ ਕਾਰਨ ਗੰਦਗੀ ਫੈਲ ਰਹੀ ਹੈ, ਜਿਸ ਕਾਰਨ ਨਹਿਰ ਦੇ ਪੁਲ ਤੋਂ ਲੰਘਦੇ ਰਾਹਗੀਰਾਂ ਅਤੇ ਨਜ਼ਦੀਕੀ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। 
ਜਾਣਕਾਰੀ ਮੁਤਾਬਕ ਪਿੰਡ ਪਨਿਆਲੀ ਖੁਰਦ ਕੋਲੋਂ ਲੰਘਦੀ ਬਿਸਤ ਦੋਆਬ ਨਹਿਰ ਉੱਤੇ ਪਿੰਡ ਤੇ ਹੋਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਜੋ ਸਾਈਫਨ ਬਣਿਆ ਹੈ, ਪਾਣੀ ਉਸ ਸਾਈਫਨ ਦੀ ਸਲੈਬ ਨਾਲ ਟਕਰਾਅ ਕੇ ਅੱਗੇ ਚਲਾ ਜਾਂਦਾ ਹੈ ਪਰ ਨਹਿਰ ਦੇ ਪਾਣੀ 'ਚ ਲੋਕਾਂ ਵੱਲੋਂ ਸੁੱਟਿਆ ਗਿਆ ਕਈ ਤਰ੍ਹਾਂ ਦਾ ਕੂੜਾ ਸਾਈਫਨ ਕੋਲ ਰੁਕ ਜਾਂਦਾ ਹੈ, ਜੋ ਅੱਗੇ ਨਹੀਂ ਜਾਂਦਾ।
ਕਈ ਵਾਰ ਤਾਂ ਮਰੇ ਪਸ਼ੂ ਤੇ ਜਾਨਵਰ ਵੀ ਫਸ ਜਾਂਦੇ ਹਨ ਪਰ ਉਕਤ ਕੂੜੇ ਕਾਰਨ ਹੇਠਾਂ ਕੁਝ ਵੀ ਪਤਾ ਨਹੀਂ ਲੱਗਦਾ, ਜਦਕਿ ਢੇਰ ਵਾਂਗ ਜਮਾ ਕੂੜੇ 'ਚੋਂ ਆ ਰਹੀ ਬਦਬੂ ਕਾਰਨ ਰਾਹਗੀਰ ਤੇ ਹੋਰ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਸਾਈਫਨ ਕੋਲ ਜਮ੍ਹਾ ਹੋ ਰਹੇ ਕੂੜੇ ਦੀ ਸਫਾਈ ਕੀਤੀ ਜਾਵੇ ਤਾਂ ਜੋ ਰਾਹਗੀਰਾਂ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। 


Related News