ਨਹਿਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ

06/08/2024 4:19:52 PM

ਅਬੋਹਰ (ਸੁਨੀਲ) : ਸ਼ਨੀਵਾਰ ਸਵੇਰੇ ਪਿੰਡ ਗਿੱਦੜਾਂਵਾਲੀ ਕੋਲ ਇਕ ਨਹਿਰ ਵਿਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ ’ਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਥਾਣਾ ਖੂਈਆਂ ਸਰਵਰ ਦੀ ਹਾਜ਼ਰੀ ’ਚ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ। ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਦੇ ਕਰੀਬ ਗਿੱਦੜਾਂਵਾਲੀ ਨੇੜਿਓਂ ਲੰਘਦੀ ਦੌਲਤਪੁਰਾ ਮਾਈਨਰ ’ਚ ਇਕ ਵਿਅਕਤੀ ਦੀ ਲਾਸ਼ ਪਈ ਦੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਦੇ ਪ੍ਰਧਾਨ ਰਾਜੂ ਚਰਾਇਆ ਨੂੰ ਦਿੱਤੀ, ਜਿਨ੍ਹਾਂ ਦੇ ਨਿਰਦੇਸ਼ਾਂ ’ਤੇ ਸੰਮਤੀ ਮੈਂਬਰ ਸੋਨੂੰ, ਮੋਨੂੰ ਗਰੋਵਰ ਅਤੇ ਐੱਸ. ਬਿੱਟੂ ਨਰੂਲਾ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਅਤੇ ਖੂਈਆਂ ਸਰਵਰ ਪੁਲਸ ਨੂੰ ਸੂਚਨਾ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਆਂ ਦੇ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਆਸ-ਪਾਸ ਦੇ ਲੋਕਾਂ ਤੋਂ ਮ੍ਰਿਤਕ ਬਾਰੇ ਪੁੱਛਿਆ ਪਰ ਕੋਈ ਵੀ ਉਸ ਦੀ ਪਛਾਣ ਨਹੀਂ ਕਰ ਸਕਿਆ। ਸੰਮਤੀ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 35 ਸਾਲ ਹੈ ਅਤੇ ਉਸ ਨੇ ਨੀਲੇ ਰੰਗ ਦੀ ਪੈਂਟ ਅਤੇ ਸ਼ੂਜ ਪਾਏ ਹੋਏ ਹਨ ਅਤੇ ਉਸ ਦੇ ਇਕ ਹੱਥ ’ਤੇ ਏ. ਕੇ. ਲਿਖਿਆ ਹੋਇਆ ਹੈ। ਇਹ ਲਾਸ਼ ਕਰੀਬ ਇਕ ਦਿਨ ਪੁਰਾਣੀ ਜਾਪਦੀ ਹੈ। ਜਿਸ ਨੂੰ ਪੋਸਟਮਾਰਟਮ ਅਤੇ ਸ਼ਨਾਖਤ ਲਈ ਮੁਰਦਾਘਰ ’ਚ ਰੱਖਿਆ ਜਾ ਰਿਹਾ ਹੈ।


Gurminder Singh

Content Editor

Related News