ਸਰਹਿੰਦ ਨਹਿਰ ਕਿਨਾਰੇ ਫਿਰ ਵਾਪਰਿਆ ਵੱਡਾ ਹਾਦਸਾ, 23 ਸਾਲ ਦੀ ਉਮਰ ''ਚ ਜਹਾਨੋਂ ਤੁਰ ਗਿਆ ਪੁੱਤ
Tuesday, May 28, 2024 - 07:26 PM (IST)
ਮਾਛੀਵਾੜਾ ਸਾਹਿਬ (ਟੱਕਰ) : ਲੰਘੀ 24 ਮਈ ਨੂੰ ਸਰਹਿੰਦ ਨਹਿਰ ਕਿਨਾਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 4 ਸ਼ਰਧਾਲੂਆਂ ਦੀ ਮੌਤ ਨਾਲ ਛਾਈ ਸੋਗ ਦੀ ਲਹਿਰ ’ਚੋਂ ਲੋਕ ਅਜੇ ਉੱਭਰੇ ਹੀ ਨਹੀਂ ਸਨ ਕਿ ਫਿਰ ਦੇਰ ਰਾਤ ਇਸ ਸੜਕ ਉੱਪਰ ਇਕ ਹੋਰ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਨੌਜਵਾਨ ਨਿਖਿਲ ਸ਼ਰਮਾ (23) ਵਾਸੀ ਨੂਰਪੁਰ ਬੇਦੀ ਦੀ ਮੌਤ ਹੋ ਗਈ ਜਦਕਿ ਉਸਦਾ ਇਕ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਿਖਿਲ ਸ਼ਰਮਾ ਜੋ ਕਿ ਰੈਡੀਮੇਡ ਦੀ ਦੁਕਾਨ ਕਰਦਾ ਹੈ ਜੋ ਕੱਲ੍ਹ ਆਪਣੇ ਸਾਥੀ ਅਕਾਸ਼ਦੀਪ ਨਾਲ ਕਾਰ ’ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਦੁਕਾਨ ਦਾ ਸਮਾਨ ਖਰੀਦਣ ਜਾ ਰਹੇ ਸਨ। ਰਾਤ ਕਰੀਬ 9 ਵਜੇ ਜਦੋਂ ਉਹ ਰੋਪੜ ਤੋਂ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ’ਤੇ ਜਦੋਂ ਪਵਾਤ ਪੁਲ ਨੇੜੇ ਪੁੱਜੇ ਤਾਂ ਇਕ ਟ੍ਰੈਕਟਰ-ਟਰਾਲੀ ਜਿਸ ਵਿਚ ਲੱਕੜ ਭਰੀ ਹੋਈ ਸੀ ਅਤੇ ਉਨ੍ਹਾਂ ਦੀ ਕਾਰ ਉਸਦੇ ਪਿੱਛੇ ਜਾ ਟਕਰਾਈ।
ਇਹ ਵੀ ਪੜ੍ਹੋ : ਧੀ ਨੂੰ ਕੈਨੇਡਾ ਦੀ ਫਲਾਈਟ 'ਚ ਬਿਠਾਉਣ ਲਈ ਦਿੱਲੀ ਪਹੁੰਚਿਆ ਪਰਿਵਾਰ, ਜਦੋਂ ਏਅਰਪੋਰਟ ਆਏ ਤਾਂ ਉੱਡੇ ਹੋਸ਼
ਇਸ ਟ੍ਰੈਕਟਰ-ਟਰਾਲੀ ਵਿਚ ਲੱਕੜ ਬਾਹਰ ਤੱਕ ਭਰੀ ਹੋਈ ਸੀ ਅਤੇ ਪਿੱਛੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਸੀ। ਟ੍ਰੈਕਟਰ-ਟਰਾਲੀ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਪਿੱਛੋਂ ਆ ਰਹੀ ਨਿਖਿਲ ਸ਼ਰਮਾ ਦੀ ਕਾਰ ਇਸ ਨਾਲ ਟਕਰਾ ਗਈ। ਇਸ ਹਾਦਸੇ ਵਿਚ ਨਿਖਿਲ ਸ਼ਰਮਾ ਅਤੇ ਉਸਦੇ ਨਾਲ ਬੈਠਾ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਲਿਆਂਦਾ ਗਿਆ। ਇਲਾਜ ਦੌਰਾਨ ਡਾਕਟਰਾਂ ਨੇ ਨਿਖਿਲ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਅਕਾਸ਼ਦੀਪ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਮਾਛੀਵਾੜਾ ਪੁਲਸ ਵਲੋਂ ਮ੍ਰਿਤਕ ਨਿਖਿਲ ਸ਼ਰਮਾ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਗਿਆ ਅਤੇ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ’ਚ ਲੈ ਕੇ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ ਦੌਰਾਨ ਸਿੱਖਿਆ ਵਿਭਾਗ ਦਾ ਫ਼ੈਸਲਾ, ਸਕੂਲਾਂ 'ਚ ਸਮਰਕੈਂਪ ਲਗਾਉਣ 'ਤੇ ਲਗਾਈ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8