ਨਹਿਰ ’ਚੋਂ ਨੌਜਵਾਨ ਲੜਕੇ ਦੀ ਲਾਸ਼ ਮਿਲਣ ’ਤੇ 4 ਖਿਲਾਫ ਮਾਮਲਾ ਦਰਜ
Friday, Jun 21, 2024 - 01:34 PM (IST)
ਨਾਭਾ (ਖੁਰਾਣਾ) : ਸਦਰ ਪੁਲਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸਨੂੰ ਨਹਿਰ ’ਚ ਸੁੱਟਣ ਦੇ ਦੋਸ਼ ’ਚ 4 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਦਈ ਸੰਕਰ ਦੀਨ ਨੇ ਸੂਚਨਾ ਦਿੱਤੀ ਕਿ ਉਸ ਦਾ ਲੜਕਾ ਰਵੀ ਇਹ ਕਹਿ ਕੇ ਮੋਟਰਸਾਈਕਲ ’ਤੇ ਘਰੋਂ ਚਲਾ ਗਿਆ ਕਿ ਉਹ ਕਿਸੇ ਵਿਆਹ ’ਤੇ ਜਾ ਰਿਹਾ ਹੈ ਪਰ ਕਾਫੀ ਦੇਰ ਤੱਕ ਲੜਕਾ ਘਰ ਨਹੀਂ ਪਰਤਿਆ। ਪਰਿਵਾਰ ਨੇ ਨਾਭਾ ਪੁਲਸ ਕੋਲ ਲੜਕੇ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਜਦੋਂ ਮੁਦਈ ਨੇ ਆਪਣੇ ਲੜਕੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਟਰਸਾਈਕਲ ਅਤੇ ਕੱਪੜੇ ਮੈਹਸ ਨਹਿਰ ਦੇ ਪੁਲ ਕੋਲ ਪਏ ਸਨ।
ਮੁਦਈ ਨੂੰ ਇਹ ਵੀ ਪਤਾ ਲੱਗਾ ਕਿ ਪਿੰਡ ਥੂਹੀ ਸਥਿਤ ਬਿਜਲੀ ਗਰਿੱਡ ਨਹਿਰ ਦੇ ਕੋਲ ਇਕ ਲਾਸ਼ ਪਈ ਹੈ ਜਦੋਂ ਪਰਿਵਾਰ ਵਾਲਿਆਂ ਨੇ ਇਸ ਦੀ ਪਛਾਣ ਕੀਤੀ ਤਾਂ ਇਹ ਉਨ੍ਹਾਂ ਦੇ ਪੁੱਤਰ ਰਵੀ ਦੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਮੁਦਈ ਦੇ ਲੜਕੇ ਦੀ ਕੁੱਟਮਾਰ ਕਰ ਕੇ ਨਹਿਰ ’ਚ ਸੁੱਟ ਦਿੱਤਾ ਹੈ। ਪੁਲਸ ਨੇ ਸ਼ਿਕਾਇਤਕਰਤਾ ਸੰਕਰ ਦੀਨ ਪੁੱਤਰ ਬੱਧੂ ਵਾਸੀ ਪੂਰਬੀਆ ਬਸਤੀ ਨਾਭਾ ਦੇ ਬਿਆਨਾਂ ’ਤੇ ਸੁਲਿੰਦਰ ਪਾਲ ਠੇਕੇਦਾਰ ਅਤੇ 3 ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।