ਮਿਊਚੁਅਲ ਫੰਡ ਬਣਿਆ ਲੋਕਾਂ ਦੀ ਪਹਿਲੀ ਪਸੰਦ, 1 ਮਹੀਨੇ ’ਚ ਜਮ੍ਹਾ ਹੋਏ 34,697 ਕਰੋੜ ਰੁਪਏ

Tuesday, Jun 11, 2024 - 10:20 AM (IST)

ਮਿਊਚੁਅਲ ਫੰਡ ਬਣਿਆ ਲੋਕਾਂ ਦੀ ਪਹਿਲੀ ਪਸੰਦ, 1 ਮਹੀਨੇ ’ਚ ਜਮ੍ਹਾ ਹੋਏ 34,697 ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸ਼ੇਅਰ ਬਾਜ਼ਾਰ ’ਚ ਉਤਰਾਅ-ਚੜ੍ਹਾਅ ਦੀ ਖੇਡ ਜਾਰੀ ਹੈ। ਹਰ ਰੋਜ਼ ਲੱਖਾਂ ਨਿਵੇਸ਼ਕ ਬਾਜ਼ਾਰ ਤੋਂ ਲਾਭ ਕਮਾ ਰਹੇ ਹਨ। ਉੱਥੇ ਹੀ, ਕੁਝ ਨਿਵੇਸ਼ਕ ਰਿਸਕ ਘਟਾਉਣ ਦੇ ਮਕਸਦ ਨਾਲ ਮਿਊਚੁਅਲ ਫੰਡਾਂ ’ਚ ਨਿਵੇਸ਼ ਕਰ ਰਹੇ ਹਨ। ਪਿਛਲੇ ਮਹੀਨੇ ਜਦੋਂ ਬਾਜ਼ਾਰ ’ਚ ਤੇਜ਼ੀ ਦੇਖਣ ਨੂੰ ਮਿਲੀ ਤਾਂ ਮਿਊਚੁਅਲ ਫੰਡ ’ਚ ਵੀ ਰਿਕਾਰਡ ਨਿਵੇਸ਼ ਦੇਖਣ ਨੂੰ ਮਿਲਿਆ।

ਐਸੋਸੀਏਸ਼ਨ ਆਫ ਮਿਊਚੁਅਲ ਫੰਡ ਆਫ ਇੰਡੀਆ (ਐਂਫੀ) ਦੇ ਅੰਕੜਿਆਂ ਮੁਤਾਬਕ ਮਈ ’ਚ ਇਕੁਇਟੀ ਮਿਊਚੁਅਲ ਫੰਡਾਂ ’ਚ ਨਿਵੇਸ਼ ’ਚ ਸ਼ਾਨਦਾਰ ਉਛਾਲ ਦੇਖਿਆ ਗਿਆ ਹੈ, ਜੋ 34,697 ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਇਹ ਉਛਾਲ ਪਿਛਲੇ ਮਹੀਨੇ ਦੇ ਮੁਕਾਬਲੇ 83.42 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਮਤਲਬ ਕਿ ਮਿਊਚੁਅਲ ਫੰਡ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਓਪਨ-ਐਂਡਿਡ ਇਕੁਇਟੀ ਫੰਡਾਂ ’ਚ ਨਿਵੇਸ਼ ਦਾ ਇਹ ਵਾਧਾ ਲਗਾਤਾਰ 39ਵੇਂ ਮਹੀਨੇ ਸਕਾਰਾਤਮਕ ਰਿਹਾ ਹੈ। ਇਹ ਨਿਰੰਤਰ ਵਾਧਾ ਉਤਰਾਅ-ਚੜ੍ਹਾਅ ਅਤੇ ਅਨਿਸ਼ਚਿਤਤਾਵਾਂ ਦੇ ਬਾਵਜੂਦ ਸ਼ੇਅਰ ਬਾਜ਼ਾਰ ’ਚ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਓਪਨ-ਐਂਡਿਡ ਇਕੁਇਟੀ ਫੰਡਾਂ ’ਚ ਆਇਆ ਇਹ ਨਿਵੇਸ਼ ਸੈਕਟੋਰਲ ਅਤੇ ਥੀਮੈਟਿਕ ਫੰਡਾਂ ਦਾ ਮਜ਼ਬੂਤ ਪ੍ਰਦਰਸ਼ਨ ਦਰਸਾਉਂਦਾ ਹੈ। ਮਈ ’ਚ ਇਨ੍ਹਾਂ ਫੰਡਾਂ ’ਚ 19,213.43 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ। ਦੱਸ ਦੇਈਏ ਕਿ ਸੈਕਟੋਰਲ ਅਤੇ ਥੀਮੈਟਿਕ ਫੰਡਸ ਓਪਨ-ਐਂਡਿਡ ਇਕੁਇਟੀ ਫੰਡ ਹੁੰਦੇ ਹਨ, ਜਿਸ ਦੇ ਤਹਿਤ 80 ਫੀਸਦੀ ਪੈਸਾ ਕਿਸੇ ਵਿਸ਼ੇਸ਼ ਥੀਮ ਦੀ ਇਕੁਇਟੀ ’ਚ ਲਾਇਆ ਜਾਂਦਾ ਹੈ।

ਸਿਪ ’ਚ ਲਗਾਤਾਰ ਵਧ ਰਿਹੈ ਨਿਵੇਸ਼

ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਸਿਪ) ਰਾਹੀਂ ਨਿਵੇਸ਼ ਮਈ ’ਚ ਵਧ ਕੇ 20,904 ਕਰੋੜ ਰੁਪਏ ਹੋ ਗਿਆ, ਜੋ ਅਪ੍ਰੈਲ ’ਚ 20,371 ਕਰੋੜ ਰੁਪਏ ਸੀ। ਅਪ੍ਰੈਲ 2024 ’ਚ ਹੀ ਸਿਪ ਨੇ ਪਹਿਲੀ ਵਾਰ 20,000 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ।

ਹਾਈਬ੍ਰਿਡ ਫੰਡ ਸ਼੍ਰੇਣੀ ’ਚ ਕੁੱਲ 17,990.67 ਕਰੋੜ ਰੁਪਏ ਦਾ ਸ਼ੁੱਧ ਪ੍ਰਵਾਹ ਦੇਖਿਆ ਗਿਆ। ਹੋਰ ਸਕੀਮਾਂ ਦੀ ਗੱਲ ਕਰੀਏ ਤਾਂ ਸਬੰਧਤ ਮਿਆਦ ’ਚ ਇੰਡੈਕਸ ਫੰਡ ਦਾ ਸ਼ੁੱਧ ਪ੍ਰਵਾਹ 4,490.35 ਕਰੋੜ ਰੁਪਏ ਰਿਹਾ, ਜਦੋਂ ਕਿ ਗੋਲਡ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) ਦੀ ਸ਼ੁੱਧ ਖਰੀਦਾਰੀ 827.43 ਕਰੋੜ ਰੁਪਏ ਰਹੀ।

ਮਈ ’ਚ ਇਕੁਇਟੀ ਅਤੇ ਡੈੱਟ ਫੰਡਾਂ ’ਚ ਵਾਧੇ ਕਾਰਨ, ਓਪਨ ਐਂਡਿਡ ਮਿਊਚੁਅਲ ਫੰਡਾਂ ਦਾ ਸ਼ੁੱਧ ਪ੍ਰਵਾਹ 1.11 ਲੱਖ ਕਰੋੜ ਰੁਪਏ ਰਿਹਾ। ਪਿਛਲੇ ਮਹੀਨੇ, ਮਿਊਚਲ ਫੰਡ ਉਦਯੋਗ ਦੇ ਪ੍ਰਬੰਧਨ ਅਧੀਨ ਕੁੱਲ ਜਾਇਦਾਦਾਂ 58.91 ਲੱਖ ਕਰੋੜ ਰੁਪਏ ਰਹੀਆਂ। ਅਪ੍ਰੈਲ ’ਚ ਇਹ ਅੰਕੜਾ 57.26 ਲੱਖ ਕਰੋੜ ਰੁਪਏ ਸੀ।


author

Harinder Kaur

Content Editor

Related News