ਕਿਸ਼ਤਾਂ ''ਤੇ ਈ-ਰਿਕਸ਼ਾ ਲੈ ਟੱਬਰ ਪਾਲ਼ ਰਹੇ ਦਿਵਿਆਂਗ ਚਾਲਕ ਨੂੰ ਸਵਾਰੀ ਨੇ ਸੁੱਟਿਆ ਨਹਿਰ ''ਚ
Tuesday, Jun 18, 2024 - 02:19 PM (IST)
ਬਟਾਲਾ (ਗੁਰਪ੍ਰੀਤ) : ਬਟਾਲਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 250 ਰੁਪਏ ਦੀ ਭਾੜੇ ਵਾਲੀ ਸਵਾਰੀ ਨੇ ਈ-ਰਿਕਸ਼ਾ ਖੋਹਣ ਦੇ ਇਰਾਦੇ ਨਾਲ ਦਿਵਿਆਂਗ ਈ-ਰਿਕਸ਼ਾ ਚਾਲਕ ਨੂੰ ਨਹਿਰ ਵਿਚ ਧੱਕਾ ਮਾਰ ਦਿੱਤਾ। ਮਾਮਲਾ ਬਟਾਲਾ ਦੇ ਗਾਂਧੀ ਨਗਰ ਕੈਂਪ ਦਾ ਹੈ, ਜਿਥੋਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੰਮਾ (41) ਪੁੱਤਰ ਸੰਤਰਾਮ ਜੋ ਕਿ ਈ-ਰਿਕਸ਼ਾ ਚਲਾਉਂਦਾ ਸੀ। ਪਰਮਜੀਤ ਸਿੰਘ ਪੰਮਾ ਦਿਵਿਆਂਗ ਸੀ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ 250 ਰੁਪਏ ਕਿਰਾਇਆ ਕਰਕੇ ਉਸਨੂੰ ਉਸਦੇ ਠਿਕਾਣੇ 'ਤੇ ਪਹੁੰਚਾਉਣ ਲਈ ਲੈ ਗਿਆ ਪਰ ਉਕਤ ਨੇ ਰਿਕਸ਼ਾ ਖੋਹਣ ਦੀ ਨੀਅਤ ਨਾਲ ਪਰਮਜੀਤ ਪੰਮਾ ਨੂੰ ਲੋਹ ਚੱਪ ਨਹਿਰ 'ਚ ਧੱਕਾ ਦੇ ਦਿੱਤਾ ਅਤੇ ਈ-ਰਿਕਸ਼ਾ ਲੈ ਕੇ ਫਰਾਰ ਹੋ ਗਿਆ। ਪੁਲਸ ਵਲੋਂ ਪਰਮਜੀਤ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ।
ਪਰਮਜੀਤ ਦੇ ਘਰ ਵਿਚ ਉਸਦੀ ਬਜ਼ੁਰਗ ਮਾਂ, ਪਤਨੀ ਅਤੇ ਦੋ ਬੱਚੇ 10 ਸਾਲਾ ਬੇਟਾ ਤੇ 13 ਸਾਲਾ ਬੇਟੀ ਹੈ। ਪਰਮਜੀਤ ਨੇ ਈ-ਰਿਕਸ਼ਾ ਕਿਸ਼ਤਾਂ 'ਤੇ ਖਰੀਦਿਆ ਸੀ ਅਤੇ ਅਜੇ ਉਸਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਸਨ। ਉਥੇ ਹੀ ਪੀੜਤ ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਦੇ ਮੋਹਤਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ, ਇਸ ਲਈ ਪਰਿਵਾਰ ਦੀ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਜਸਜੀਤ ਸਿੰਘ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਰਮਜੀਤ ਪੰਮਾ ਦਾ ਈ-ਰਿਕਸ਼ਾ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਪਰਮਜੀਤ ਨੂੰ ਧੱਕਾ ਦੇਣ ਵਾਲੇ ਜਰਮਨਜੀਤ ਸਿੰਘ ਵਾਸੀ ਪੇਰੋਸਾਹ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦੀ ਲਾਸ਼ ਅਜੇ ਤੱਕ ਨਹਿਰ 'ਚੋਂ ਬਰਾਮਦ ਨਹੀਂ ਹੋਈ ਹੈ।