ਸਾਈਬਰ ਠੱਗੀ : ਪਟਿਆਲਵੀ ਸਹਿਮੇ, ਕੇ. ਵਾਈ. ਸੀ ਕਰਵਾਉਣ ਦੇ ਆ ਰਹੇ ਹਨ ਮੈਸੇਜ

01/16/2020 10:11:58 AM

ਪਟਿਆਲਾ (ਜੋਸਨ): ਸਾਈਬਰ ਠੱਗ ਹੁਣ ਪੇਟੀਐੱਮ ਦਾ ਸਹਾਰਾ ਲੈ ਕੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਹਨ। ਪੇਟੀਐੱਮ ਆਰ. ਬੀ. ਆਈ. ਤੋਂ ਮਨਜ਼ੂਰਸ਼ੁਦਾ ਇਕ ਤਰ੍ਹਾਂ ਦੀ ਬੈਂਕਿੰਗ ਕੰਪਨੀ ਹੈ। ਇਸ ਰਾਹੀਂ ਅੱਜਕਲ ਆਮ ਲੋਕ, ਵਪਾਰੀ ਅਤੇ ਹਰ ਵਰਗ ਪੈਸੇ ਦਾ ਲੈਣ-ਦੇਣ ਕਰ ਰਿਹਾ ਹੈ। ਇਥੋਂ ਤੱਕ ਕਿ ਜੇਕਰ ਤੁਸੀਂ ਫਾਸਟ ਟੈਗ ਦੀ ਸਹੂਲਤ ਲੈਣੀ ਹੈ ਤਾਂ ਵੀ ਤੁਹਾਨੂੰ ਆਪਣੇ ਮੋਬਾਇਲ 'ਤੇ ਪੇਟੀਐੱਮ ਦਾ ਅਕਾਊਂਟ ਬਣਾਉਣਾ ਪਵੇਗਾ। ਇਹ ਸਾਈਬਰ ਠੱਗ ਪੇਟੀਐੱਮ ਦੇ ਸਹਾਰੇ ਲੋਕਾਂ ਨੂੰ ਧੜੱਲੇ ਨਾਲ ਲੁੱਟ ਰਹੇ ਹਨ। ਇਸ ਕਾਰਣ ਲੋਕਾਂ ਵਿਚ ਭਾਰੀ ਸਹਿਮ ਹੈ।

ਕਈ ਵੀ. ਵੀ. ਆਈ. ਪੀਜ਼ ਦੇ ਰੁਪਏ ਉਡਾਉਣ ਤੋਂ ਬਾਅਦ ਹੁਣ ਇਨ੍ਹਾਂ ਸਾਈਬਰ ਠੱਗਾਂ ਦੇ ਆਮ ਲੋਕਾਂ ਨੂੰ ਫੋਨ 'ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਹਨ। ਅੱਜ ਇਨ੍ਹਾਂ ਸਾਈਬਰ ਠੱਗਾਂ ਨੇ ਪਟਿਆਲਾ ਦੇ ਰਾਕੇਸ਼ ਕੁਮਾਰ ਬਾਂਸਲ ਨੂੰ 7439021890 ਤੋਂ ਮੈਸੇਜ ਭੇਜਿਆ ਕਿ ਤੁਹਾਡਾ ਪੇਟੀਐੱਮ ਅਕਾਊਂਟ ਸਸਪੈਂਡ ਹੋ ਜਾਵੇਗਾ, ਨਹੀਂ ਤਾਂ ਤੁਸੀਂ ਤੁਰੰਤ ਇਸ ਦੀ ਕੇ. ਵਾਈ. ਸੀ. ਕਰਵਾਓ। ਬਾਕਾਇਦਾ ਤੌਰ 'ਤੇ ਮੈਸੇਜ ਥੱਲੇ ਪੇਟੀਐੱਮ ਟੀਮ ਲਿਖ ਕੇ ਭੇਜਿਆ ਗਿਆ ਹੈ।

ਇਸ ਤੋਂ ਬਾਅਦ ਇਨ੍ਹਾਂ ਸਾਈਬਰ ਠੱਗਾਂ ਨੇ ਪੇਟੀਐੱਮ ਕੰਪਨੀ ਦੇ ਨੁਮਾਇੰਦੇ ਬਣ ਕੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਫੋਨ ਵੀ ਅਜਿਹੇ ਢੰਗ ਨਾਲ ਕੀਤੇ ਕਿ ਰਾਕੇਸ਼ ਕੁਮਾਰ ਬਾਂਸਲ ਪੂਰੀ ਤਰ੍ਹਾਂ ਕਨਵੈਂਸ ਹੋ ਗਏ ਕਿ ਇਹ ਠੀਕ ਹਨ। ਸਾੲੀਬਰ ਠੱਗਾਂ ਵੱਲੋਂ ਭੇਜੇ ਲਿੰਕ ਨੂੰ ਆਨ ਕਰਦਿਆਂ ਹੀ ਰਾਕੇਸ਼ ਕੁਮਾਰ ਦੇ ਪੇਟੀਐੱਮ ਵਿਚੋਂ 5040 ਰੁਪਏ ਸਾਈਬਰ ਠੱਗਾਂ ਨੇ ਉਡਾ ਲਏ। ਉਸ ਤੋਂ ਬਾਅਦ ਖਾਤੇ ਵਿਚ 39 ਰੁਪਏ ਬਚੇ। ਠੱਗ ਇੰਨੇ ਬੇਸ਼ਰਮ ਸਨ ਕਿ ਉਨ੍ਹਾਂ ਨੇ ਉਸੇ ਲਿੰਕ ਨੂੰ ਦੁਬਾਰਾ ਖੋਲ੍ਹ ਕੇ ਪੇਟੀਐੱਮ ਵਿਚ ਪਏ 39 ਰੁਪਇਆਂ ਵਿਚੋਂ 20 ਰੁਪਏ ਦਾ ਵੋਡਾਫੋਨ ਕੰਪਨੀ ਤੋਂ ਰੀਚਾਰਜ ਕਰਵਾ ਲਿਆ। ਇਸ ਤੋਂ ਬਾਅਦ ਠੱਗਾਂ ਨੇ ਫਿਰ ਫੋਨ ਕੀਤਾ ਕਿ ਤੁਹਾਡਾ ਪੇਟੀਐੱਮ ਅਸੀਂ ਕੇ. ਵਾਈ. ਸੀ. ਕਰ ਦਿੱਤਾ ਹੈ। ਤੁਸੀਂ ਇਸ ਵਿਚ ਹੁਣ ਹੋਰ ਰੁਪਏ ਪਾ ਦਿਓ। ਜਦੋਂ ਬਾਂਸਲ ਨੇ ਉਨ੍ਹਾਂ ਦੀ ਚੰਗੀ ਤਾੜਨਾ ਕੀਤੀ ਉਨ੍ਹਾਂ ਫੋਨ ਬੰਦ ਕਰ ਦਿੱਤਾ।

ਇਸੇ ਤਰ੍ਹਾਂ ਸ਼ਹਿਰ ਦੇ ਇਕ ਹੋਰ ਵਿਅਕਤੀ ਨੂੰ 7699847797 ਤੋਂ ਫੋਨ ਲਗਾਤਾਰ ਆ ਰਹੇ ਹਨ ਕਿ ਉਹ ਪੇਟੀਐੱਮ ਕੇ. ਵਾਈ. ਸੀ. ਕੰਪਨੀ ਦੇ ਕਸਟਮਰ ਕੇਅਰ ਤੋਂ ਬੋਲ ਰਹੇ ਹਨ। ਤੁਸੀਂ ਆਪਣੇ ਪੇਟੀਐੱਮ ਦਾ ਕੇ. ਵਾਈ. ਸੀ. ਕਰਵਾਉਣ ਲਈ ਤੁਰੰਤ ਆਪਣੇ ਪੇਟੀਐੱਮ ਵਿਚ ਰੁਪਏ ਪਾਓ ਅਤੇ ਸਾਡੇ ਲਿੰਕ ਨੂੰ ਆਨ ਕਰੋ। ਇਸ ਤਰ੍ਹਾਂ ਇਹ ਸਾਈਬਰ ਠੱਗ ਆਮ ਲੋਕਾਂ ਨੂੰ ਰੱਜ ਕੇ ਲੁੱਟ ਰਹੇ ਹਨ। ਪੁਲਸ ਦੇ ਹੱਥ ਠੱਗਾਂ ਦੇ ਮਾਮਲੇ 'ਚ ਅਜੇ ਤੱਕ ਖਾਲੀ ਹੀ ਹਨ।

ਸ਼ਹਿਰ ਦੀ ਭਰੋਸੇਯੋਗ ਦੁਕਾਨ 'ਤੇ ਜਾ ਕੇ ਹੀ ਪੇਟੀਐੱਮ ਅਤੇ ਕੇ. ਵਾਈ. ਸੀ. ਦੀ ਸਹੂਲਤ ਲੈਣ ਲੋਕ
ਮੌਜੂਦਾ ਸਿਸਟਮ ਵਿਚ ਪੇਟੀਐੱਮ ਪੈਸੇ ਟਰਾਂਜੈਕਸ਼ਨ ਕਰਨ ਲਈ ਇਕ ਬਹੁਤ ਹੀ ਸੌਖਾ ਸਾਧਨ ਬਣ ਚੁੱਕਾ ਹੈ। ਪੇਟੀਐੱਮ ਨੂੰ ਖੋਲ੍ਹਣ ਲਈ ਸਾਨੂੰ ਪਹਿਲਾਂ ਕੇ. ਵਾਈ. ਸੀ. ਕਰਵਾਉਣੀ ਪੈਂਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੇ. ਵਾਈ. ਸੀ. ਕਰਵਾਉਣ ਲਈ ਆਪਣੇ ਸ਼ਹਿਰ ਦੇ ਕਿਸੇ ਵੀ ਨਾਮਵਰ ਦੁਕਾਨਦਾਰ ਕੋਲ ਹੀ ਜਾਣ। ਉਸ ਨੂੰ ਹੀ ਆਪਣਾ ਅਧਾਰ ਕਾਰਡ ਜਾਂ ਪੈਨ ਕਾਰਡ ਦੇ ਕੇ ਕੇ. ਵਾਈ. ਸੀ. ਕਰਵਾਉਣ। ਫਿਰ ਆਪਣਾ ਪੇਟੀਐੱਮ ਚਾਲੂ ਕਰਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਫੋਨ 'ਤੇ ਵਿਸ਼ਵਾਸ ਨਾ ਕਰਨ। ਜੇਕਰ ਉਨ੍ਹਾਂ ਨੂੰ ਅਜਿਹਾ ਕੋਈ ਫੋਨ ਆਉਂਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ ਜਾਂ ਸ਼ਹਿਰ ਵਿਚ ਜਿਹੜੀਆਂ ਵੀ ਦੁਕਾਨਾਂ ਪੇਟੀਐੱਮ ਨੇ ਕੇ. ਵਾਈ. ਸੀ. ਕਰਵਾਉਣ ਲਈ ਆਥੋਰਾਈਜ਼ਡ ਕੀਤੀਆਂ ਹਨ, ਉਨ੍ਹਾਂ ਕੋਲ ਜਾ ਕੇ ਕਲੀਅਰ ਕਰਨ ਤਾਂ ਹੀ ਇਸ ਲੁੱਟ ਤੋਂ ਬਚਿਆ ਜਾ ਸਕਦਾ ਹੈ।


Shyna

Content Editor

Related News