Scorpio N ਅਤੇ Fortuner ਗੱਡੀਆਂ ਬੁੱਕ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੇ
Wednesday, Feb 18, 2026 - 12:02 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਲਗਜ਼ਰੀ ਗੱਡੀਆਂ ਦਾ ਸ਼ੌਕ ਰੱਖਣ ਵਾਲਿਆਂ ਨੂੰ ਚੂਨਾ ਲਗਾਉਣ ਵਾਲਾ ਇਕ ਸ਼ਾਤਰ ਜਾਲਸਾਜ਼ ਪੁਲਸ ਦੇ ਰਡਾਰ 'ਤੇ ਆ ਗਿਆ ਹੈ। ਮੁਲਜ਼ਮ ਨੇ ਖੁਦ ਨੂੰ ਰਸੂਖਦਾਰ ਦੱਸਦਿਆਂ ਇਕ ਵਿਅਕਤੀ ਨੂੰ ਸਕਾਰਪੀਓ-N, XUV-700 ਅਤੇ ਫਾਰਚੂਨਰ ਵਰਗੀਆਂ ਬ੍ਰਾਂਡ ਨਿਊ ਗੱਡੀਆਂ ਜਲਦੀ ਬੁੱਕ ਕਰਵਾ ਕੇ ਦਿਵਾਉਣ ਦਾ ਅਜਿਹਾ ਸਬਜ਼ਬਾਗ ਦਿਖਾਇਆ ਕਿ ਪੀੜਤ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਆਪਣੀ ਮਿਹਨਤ ਦੀ ਮੋਟੀ ਕਮਾਈ ਲੁਟਾ ਬੈਠਾ। ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਸ ਨੇ ਚੇਤਨਪੁਰੀ ਦੀ ਸ਼ਿਕਾਇਤ 'ਤੇ ਮੁਲਜ਼ਮ ਹੈਬੋਵਾਲ ਦੇ ਸੰਜੇ ਮੌਰਿਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਚੇਤਨ ਪੁਰੀ ਨੇ ਦੱਸਿਆ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਭਰੋਸੇ ਵਿਚ ਲਿਆ ਸੀ ਕਿ ਉਹ ਆਟੋਮੋਬਾਈਲ ਕੰਪਨੀਆਂ ਵਿਚ ਚੰਗੀ ਪਹੁੰਚ ਰੱਖਦਾ ਹੈ ਅਤੇ ਉਨ੍ਹਾਂ ਨੂੰ ਭਾਰੀ ਡਿਮਾਂਡ ਵਾਲੀਆਂ ਗੱਡੀਆਂ ਬਿਨਾਂ ਕਿਸੇ ਲੰਬੀ ਵੇਟਿੰਗ ਦੇ ਦਿਵਾ ਦੇਵੇਗਾ। ਮੁਲਜ਼ਮ ਦੇ ਝਾਂਸੇ ਵਿਚ ਆ ਕੇ ਸ਼ਿਕਾਇਤਕਰਤਾ ਨੇ ਵੱਖ-ਵੱਖ ਕਿਸ਼ਤਾਂ ਵਿਚ ਕੁੱਲ 11,76,500/- ਰੁਪਏ ਉਸ ਨੂੰ ਸੌਂਪ ਦਿੱਤੇ। ਪਰ ਜਦੋਂ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਾ ਗੱਡੀਆਂ ਮਿਲੀਆਂ ਅਤੇ ਨਾ ਹੀ ਪੈਸੇ ਵਾਪਸ ਆਏ, ਤਾਂ ਪੀੜਤ ਨੂੰ ਆਪਣੇ ਨਾਲ ਹੋਈ ਵੱਡੀ ਧੋਖਾਧੜੀ ਦਾ ਅਹਿਸਾਸ ਹੋਇਆ। ਫਿਰ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਦੋਂ ਪੁਲਸ ਨੇ ਇਸ ਸ਼ਿਕਾਇਤ ਦੀ ਡੂੰਘਾਈ ਨਾਲ ਪੜਤਾਲ ਕੀਤੀ, ਪੜਤਾਲ ਤੋਂ ਬਾਅਦ ਪੁਲਸ ਨੇ ਮੁਲਜ਼ਮ ਖਿਲਾਫ ਧੋਖਾਧੜੀ ਅਤੇ ਅਮਾਨਤ ਵਿਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਸ਼ਾਤਰ ਠੱਗ ਨੇ ਸ਼ਹਿਰ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਆਪਣੀ ਜਾਲਸਾਜ਼ੀ ਦਾ ਸ਼ਿਕਾਰ ਬਣਾਇਆ ਹੈ।
