ਕੈਨੇਡਾ ਲੈ ਜਾਣ ਦੇ ਨਾਂ ’ਤੇ 25 ਲੱਖ ਦੀ ਠੱਗੀ, ਕੁੜੀ ਤੇ ਪਿਤਾ ਖ਼ਿਲਾਫ਼ ਕੇਸ ਦਰਜ

Monday, Feb 23, 2026 - 11:03 AM (IST)

ਕੈਨੇਡਾ ਲੈ ਜਾਣ ਦੇ ਨਾਂ ’ਤੇ 25 ਲੱਖ ਦੀ ਠੱਗੀ, ਕੁੜੀ ਤੇ ਪਿਤਾ ਖ਼ਿਲਾਫ਼ ਕੇਸ ਦਰਜ

ਗੋਨਿਆਣਾ (ਗੋਰਾ ਲਾਲ) : ਵਿਦੇਸ਼ ਭੇਜਣ ਦੇ ਸੁਨਹਿਰੇ ਸੁਫ਼ਨੇ ਦਿਖਾ ਕੇ ਵਿਆਹ ਦੇ ਬਾਅਦ 25 ਲੱਖ ਰੁਪਏ ਦੀ ਠੱਗੀ ਕਰਨ ਦੇ ਗੰਭੀਰ ਦੋਸ਼ਾਂ ਹੇਠ ਥਾਣਾ ਨੇਹੀਆਂਵਾਲਾ ਪੁਲਸ ਨੇ ਇਕ ਕੁੜੀ ਅਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲਸ ਮੁਖੀ ਜੋਤੀ ਯਾਦਵ ਕੋਲ ਦਿੱਤੀ ਲਿਖ਼ਤੀ ਦਰਖ਼ਾਸਤ ’ਚ ਪੀੜਤ ਕੁਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੀਬੀ ਵਾਲਾ (ਬਠਿੰਡਾ) ਨੇ ਦੱਸਿਆ ਕਿ ਉਸ ਦੇ ਪੁੱਤਰ ਜਸਵੀਰ ਸਿੰਘ, ਜਿਸ ਨੇ ਬੀ. ਟੈੱਕ ਕੀਤੀ ਹੋਈ ਹੈ, ਲਈ ਸਾਲ 2023 ਦੇ ਅਖ਼ੀਰ ’ਚ ਇਕ ਪਰਿਵਾਰ ਵੱਲੋਂ ਰਿਸ਼ਤਾ ਕੀਤਾ ਗਿਆ। ਇਸ ਦੌਰਾਨ ਤੋਤਾ ਸਿੰਘ ਨਾਮਕ ਵਿਅਕਤੀ ਨੇ ਆਪਣੀ ਧੀ ਗਗਨਦੀਪ ਕੌਰ ਦਾ ਰਿਸ਼ਤਾ ਕਰਦਿਆਂ ਦਾਅਵਾ ਕੀਤਾ ਕਿ ਉਸ ਦੀ ਧੀ ਨੇ ਆਈਲੈੱਟਸ ਕੀਤੀ ਹੋਈ ਹੈ ਅਤੇ ਜੇਕਰ ਮੁੰਡੇ ਵਾਲੇ ਵਿਆਹ ਅਤੇ ਵਿਦੇਸ਼ ਭੇਜਣ ਦਾ ਖ਼ਰਚਾ ਚੁੱਕਣਗੇ ਤਾਂ ਵਿਆਹ ਤੋਂ ਬਾਅਦ ਉਹ ਜਸਵੀਰ ਸਿੰਘ ਨੂੰ ਕੈਨੇਡਾ ਲੈ ਜਾਵੇਗੀ।

ਦੋਵਾਂ ਧਿਰਾਂ ਵਿਚਾਲੇ 25 ਲੱਖ ਰੁਪਏ ਦੇ ਖ਼ਰਚੇ ’ਤੇ ਸਹਿਮਤੀ ਹੋਈ, ਜਿਸ ’ਚੋਂ ਪੀੜਤ ਪਰਿਵਾਰ ਨੇ 8 ਲੱਖ ਰੁਪਏ ਵਿਆਹ ਸਮੇਂ ਅਤੇ ਕਰੀਬ 17 ਲੱਖ ਰੁਪਏ ਵਿਦੇਸ਼ ਜਾਣ ਦੀ ਪ੍ਰਕਿਰਿਆ ’ਤੇ ਖਰਚ ਕੀਤੇ। ਸ਼ਿਕਾਇਤਕਤਾ ਮੁਤਾਬਕ ਵਿਆਹ ਤੋਂ ਬਾਅਦ ਗਗਨਦੀਪ ਕੌਰ ਕੈਨੇਡਾ ਚਲੀ ਗਈ ਪਰ ਉਸ ਨੇ ਨਾ ਤਾਂ ਜਸਵੀਰ ਸਿੰਘ ਨੂੰ ਆਪਣੇ ਕੋਲ ਬੁਲਾਇਆ ਅਤੇ ਨਾ ਹੀ ਕੋਈ ਸਹਿਯੋਗ ਦਿੱਤਾ। ਉਲਟ ਉਸ ਨੇ ਫੋਨ ਨੰਬਰ ਹੀ ਉਸ ਦਾ ‘ਬਲਾਕ’ ਕਰ ਦਿੱਤਾ ਅਤੇ ਸੰਪਰਕ ਤੋੜ ਲਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਰਕਮ ਵਾਪਸ ਕਰਨ ਜਾਂ ਵਾਅਦਾ ਪੂਰਾ ਕਰਨ ਦੀ ਗੱਲ ਕੀਤੀ ਤਾਂ ਕੁੜੀ ਅਤੇ ਉਸ ਦਾ ਪਿਤਾ ਪਹਿਲਾਂ ਤਾਂ ਸਮਝੌਤੇ ਦੀ ਗੱਲ ਮੰਨਦੇ ਰਹੇ ਪਰ ਬਾਅਦ ’ਚ ਮੁੱਕਰ ਗਏ।

ਇਸ ਨਾਲ ਦੋਹਾਂ ਪਰਿਵਾਰਾਂ ਵਿਚਾਲੇ ਤਣਾਅ ਵੱਧਦਾ ਗਿਆ ਅਤੇ ਮਾਮਲਾ ਪੁਲਸ ਤੱਕ ਪਹੁੰਚ ਗਿਆ। ਪੀੜਤ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਧੋਖਾਦੇਹੀ ਕਰ ਕੇ ਵਿਦੇਸ਼ੀ ਸੁਫ਼ਨਿਆਂ ਦੇ ਨਾਂ ’ਤੇ ਲੱਖਾਂ ਰੁਪਏ ਹੜੱਪੇ ਗਏ ਹਨ ਅਤੇ ਉਹ ਇਨਸਾਫ਼ ਦੀ ਮੰਗ ਕਰਦੇ ਹਨ। ਦਰਖ਼ਾਸਤ ਦੇ ਆਧਾਰ ’ਤੇ ਥਾਣਾ ਨੇਹੀਆਂਵਾਲਾ ਪੁਲਸ ਨੇ ਗਗਨਦੀਪ ਕੌਰ ਅਤੇ ਉਸ ਦੇ ਪਿਤਾ ਤੋਤਾ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਹਿਮਾ ਸਰਜਾ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News