ਪੁਲਸ ਬਲ ਰਾਹੀਂ ਨਜਾਇਜ਼ ਕੰਮ ਕਰਵਾ ਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ ਮੁੱਖ ਮੰਤਰੀ: ਐਡਵੋਕੇਟ ਧਾਰਨੀ

Tuesday, Feb 24, 2026 - 02:22 AM (IST)

ਪੁਲਸ ਬਲ ਰਾਹੀਂ ਨਜਾਇਜ਼ ਕੰਮ ਕਰਵਾ ਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ ਮੁੱਖ ਮੰਤਰੀ: ਐਡਵੋਕੇਟ ਧਾਰਨੀ

ਫਤਿਹਗੜ੍ਹ ਸਾਹਿਬ (ਜਗਦੇਵ) - ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ 'ਤੇ ਸਰਕਾਰ ਵੱਲੋਂ ਚਲਾਏ ਗਏ ਬੁਲਡੋਜ਼ਰ (ਪੀਲੇ ਪੰਜੇ) ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ 'ਤੇ ਉਤਰ ਆਈ ਹੈ ਅਤੇ ਨਿੱਜੀ ਮਲਕੀਅਤ ਨੂੰ ਢਾਹ ਕੇ ਆਮ ਲੋਕਾਂ ਵਿੱਚ ਦਬਾਅ ਅਤੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਐਡਵੋਕੇਟ ਧਾਰਨੀ ਨੇ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ 'ਹਾਅ ਦਾ ਨਾਅਰਾ' ਮਾਰਿਆ ਹੈ, ਉੱਥੇ ਹੀ ਕਾਂਗਰਸ ਪਾਰਟੀ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ਕਾਂਗਰਸ ਨੇ ਆਪਣੇ ਹੀ ਵਿਧਾਇਕ 'ਤੇ ਹੋਏ ਤਸ਼ੱਦਦ ਵਿਰੁੱਧ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ। ਇਸ ਕਾਰਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਨਿੱਜੀ ਸਵਾਰਥਾਂ ਨੂੰ ਲੈ ਕੇ ਸ਼ੰਕਾ ਦੇ ਘੇਰੇ ਵਿੱਚ ਆ ਗਏ ਹਨ।

ਅਕਾਲੀ ਬੁਲਾਰੇ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਬਦਲਾਖੋਰੀ ਦੀ ਨੀਤੀ 'ਤੇ ਚੱਲਦਿਆਂ ਪੁਲਸ ਬਲ ਦੀ ਵਰਤੋਂ ਕਰਕੇ ਦਹਿਸ਼ਤ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਥਾਂ-ਥਾਂ ਅਮਨ-ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਤੇ ਲੁੱਟਾਂ-ਖੋਹਾਂ 'ਤੇ ਕਾਬੂ ਪਾਉਣ ਦੀ ਬਜਾਏ ਹੁਣ ਤਾਂ ਪੁਲਿਸ ਮੁਲਾਜ਼ਮਾਂ ਨੂੰ ਹੀ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਸਿਰਫ਼ ਪੁਲਿਸ ਦੇ ਜ਼ੋਰ 'ਤੇ ਕਾਰਵਾਈਆਂ ਕਰਨ ਵਿੱਚ ਲੱਗੀ ਹੋਈ ਹੈ।
 


author

Inder Prajapati

Content Editor

Related News