ਕੌਂਸਲਰ ਦੇ ਘਰ ''ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

Tuesday, Apr 03, 2018 - 11:51 AM (IST)

ਡੇਰਾਬੱਸੀ (ਅਨਿਲ) : ਸਥਾਨਕ ਮੋਹਨ ਨਗਰ ਵਿਖੇ ਮੌਜੂਦਾ ਕੌਂਸਲਰ ਦੇ ਬੰਦ ਪਏ ਘਰ 'ਚ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਪੁਲਸ ਨੇ ਸੂਚਨਾ ਮਿਲਣ 'ਤੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੌਂਸਲਰ ਹਰੀਓਮ ਧੀਮਾਨ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮੋਰਿੰਡਾ ਨੇੜੇ ਰਿਸ਼ਤੇਦਾਰੀ ਵਿਖੇ ਸਵੇਰੇ 10 ਵਜੇ ਘਰੋਂ ਗਏ ਸਨ। ਰਾਤ ਜਦੋਂ ਕਰੀਬ 8 ਵਜੇ ਵਾਪਸ ਘਰ ਆਏ ਤਾਂ ਘਰ 'ਚ ਖਿੱਲਰੇ ਪਏ ਸਾਮਾਨ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ।
ਉਸਨੇ ਦੱਸਿਆ ਕਿ ਚੋਰ ਘਰ ਵਿਚੋਂ ਮੰਗਲ ਸੂਤਰ, ਸੋਨੇ ਦਾ ਸੈੱਟ, ਕਿਟੀ ਸੈੱਟ, ਕੰਨਾਂ ਦੇ ਰਿੰਗ, ਨੱਕ ਦਾ ਕੋਕਾ, ਦੋ ਅਗੂੰਠੀਆਂ, ਕੜਾ, ਸੋਨੇ ਦੀਆਂ ਚੂੜੀਆਂ ਤੇ ਚਾਂਦੀ ਦੇ ਸਾਮਾਨ ਤੋਂ ਇਲਾਵਾ ਕਰੀਬ 85 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦਾ ਕਰੀਬ ਅੱਠ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਕਿਸੇ ਜਾਣਕਾਰ ਵਿਅਕਤੀ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News