ਆਂਗਣਵਾੜੀ ਸੈਂਟਰ ’ਚੋਂ ਸਾਮਾਨ ਚੋਰੀ

Thursday, Sep 19, 2024 - 01:25 PM (IST)

ਤਲਵੰਡੀ ਸਾਬੋ (ਮੁਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਚੋਰੀਆਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬੀਤੀ ਰਾਤ ਪਿੰਡ ਵਿਚ ਚੋਰਾਂ ਨੇ ਆਂਗਣਵਾੜੀ ਸੈਂਟਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਕਾਫੀ ਸਾਮਾਨ ਚੋਰੀ ਕਰ ਲਿਆ। ਰਾਮਾ ਮੰਡੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਆਂਗਣਵਾੜੀ ਸੈਂਟਰ ’ਚੋਂ ਚੋਰਾਂ ਨੇ ਸੈਂਟਰ ਦਾ ਤਾਲਾ ਤੋੜ ਕੇ ਇਕ ਗੈਸ ਸਿਲੰਡਰ ਸਮੇਤ ਚੁੱਲਾ, ਇਕ ਲੋਹੇ ਦਾ ਬਾਕਸ, ਜਿਸ ਵਿਚ ਡਿਜ਼ੀਟਲ ਭਾਰ ਤੋਲਣ ਵਾਲੀ ਮਸ਼ੀਨ, ਸੈਂਟਰ ਦਾ ਰਿਕਾਰਡ 4 ਹਾਜ਼ਰੀ ਰਜਿਸਟਰ, ਜਿਨ੍ਹਾਂ ਵਿਚ 9 ਸਾਲ ਦਾ ਹਿਸਾਬ ਕਿਤਾਬ ਲਿਖਿਆ ਹੋਇਆ ਸੀ। ਇਕ ਸਟਾਕ ਰਜਿਸਟਰ, ਇਕ ਸੈਨੇਟਰੀ ਪੈਡ ਰਜਿਸਟਰ, ਸਟਾਕ ਬਿੱਲ ਰਜਿਸਟਰ ਅਤੇ ਇਕ ਬੱਚਿਆ ਦੇ ਭਾਰ ਤੋਲਣ ਵਾਲਾ ਛੋਟਾ ਕੰਡਾ ਚੋਰੀ ਕਰ ਲਿਆ।

ਮੂਰਤੀ ਕੌਰ ਆਂਗਣਵਾੜੀ ਵਰਕਰ ਅਤੇ ਕੁਲਵਿੰਦਰ ਕੌਰ ਆਂਗਣਵਾੜੀ ਹੈਲਪਰ ਵੱਲੋਂ ਚੋਰੀ ਦੀ ਘਟਨਾ ਸਬੰਧੀ ਰਾਮਾਂ ਪੁਲਸ ਨੂੰ ਲਿਖਤੀ ਦਰਖ਼ਾਸਤ ਦੇ ਦਿੱਤੀ ਗਈ ਹੈ, ਜਿਸ ਵਿਚ ਉਨ੍ਹਾਂ ਚੋਰਾਂ ਨੂੰ ਫੜ੍ਹਨ ਦੀ ਮੰਗ ਕੀਤੀ ਹੈ। ਪਿੰਡ ਦੇ ਸਮਾਜ ਸੇਵੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ’ਚ ਪਿੰਡ ’ਚ ਇਹ ਚੋਰੀ ਦੀ 17ਵੀਂ ਘਟਨਾ ਹੈ। ਉਧਰ ਰਾਮਾ ਪੁਲਸ ਨੇ ਮੁੱਢਲੀ ਰਿਪੋਟਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News