ਘਰ ’ਚੋਂ ਗਹਿਣੇ ਤੇ ਨਕਦੀ ਚੋਰੀ ਕਰਨ ਦੇ ਕੇਸ ’ਚੋਂ ਮੁਲਜ਼ਮ ਬਾਇੱਜ਼ਤ ਬਰੀ
Sunday, Sep 15, 2024 - 12:43 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਅਦਾਲਤ ਨੇ ਜੈ ਪ੍ਰਕਾਸ਼ ਉਰਫ਼ ਰੌਕੀ ਪੁੱਤਰ ਲਾਲ ਚੰਦ, ਰਿੰਕੂ ਸਿੰਘ, ਮਿੰਟੂ ਸਿੰਘ ਪੁੱਤਰਾਨ ਪੱਪੂ ਸਿੰਘ, ਸੁਖਵੀਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀਆਨ ਰਾਮਪੁਰਾ, ਜ਼ਿਲ੍ਹਾ ਬਠਿੰਡਾ ਨੂੰ ਰਾਤ ਨੂੰ ਭਦੌੜ ਵਿਖੇ ਘਰ ’ਚ ਦਾਖ਼ਲ ਹੋ ਕੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਕੇਸ ’ਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਚੰਦਰ ਬਾਂਸਲ (ਧਨੌਲਾ) ਐਡਵੋਕੇਟ ਨੇ ਦੱਸਿਆ ਕਿ ਜੰਗ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਭਦੌੜ ਨੇ ਪੁਲਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਮਿਤੀ 08-06-2020 ਨੂੰ ਉਹ ਆਪਣੇ ਪਰਿਵਾਰ ਸਮੇਤ ਰੋਟੀ-ਪਾਣੀ ਖਾ ਕੇ ਆਪਣੇ ਘਰ ਵਿਹੜੇ ’ਚ ਸੌਂ ਗਿਆ ਸੀ।
ਸਵੇਰੇ ਕਰੀਬ 5 ਵਜੇ ਉੱਠ ਕੇ ਦੇਖਿਆ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ’ਚੋਂ 1,43,000 ਰੁਪਏ ਅਤੇ ਇਕ ਛਾਪ ਸੋਨਾ ਅਤੇ ਇਕ ਜੋੜੀ ਟੋਪਸ ਸੋਨਾ ਅਤੇ ਚਾਂਦੀ ਦੀਆਂ ਝਾਂਜਰਾਂ ਚੋਰੀ ਕਰ ਕੇ ਲੈ ਗਏ ਸਨ। ਉਸਦੇ ਗੁਆਂਢੀ ਮਹਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਵੀ ਉਸੇ ਰਾਤ ਚੋਰੀ ਹੋਈ ਹੈ, ਜਿਸਦੇ ਘਰੋਂ ਅਲਮਾਰੀ ’ਚੋਂ ਕਰੀਬ 5 ਤੋਲੇ ਸੋਨੇ ਦੇ ਗਹਿਣੇ ਅਤੇ ਦੋ ਤੋਲੇ ਚਾਂਦੀ ਦੀਆਂ ਝਾਂਜਰਾਂ ਵਗੈਰਾ ਚੋਰੀ ਹੋਈਆਂ ਹਨ। ਇਸ ਉਪਰੰਤ ਜਿਸ ਤੋਂ ਬਾਦ ਜੰਗ ਸਿੰਘ ਦੇ ਬਿਆਨਾਂ ’ਤੇ ਐੱਫ. ਆਈ. ਆਰ. ਪ੍ਰਕਾਸ਼ ਵਗੈਰਾ ਦੇ ਖ਼ਿਲਾਫ਼ ਦਰਜ ਹੋਈ। ਹੁਣ ਅਦਾਲਤ ਵੱਲੋਂ ਮੁਲਜ਼ਮ ਜੈ ਪ੍ਰਕਾਸ਼ ਦੇ ਵਕੀਲ ਚੰਦਰ ਬਾਂਸਲ (ਧਨੌਲਾ), ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿਹਾ ਕਿ ਗਵਾਹਾਂ ਦੇ ਬਿਆਨ ਆਪਸ ’ਚ ਮੇਲ ਨਹੀਂ ਖਾਂਦੇ ਅਤੇ ਮੁਲਜ਼ਮਾਨ ਦੀ ਸ਼ਨਾਖਤ ਵੀ ਸਹੀ ਤਰੀਕੇ ਨਹੀਂ ਹੋ ਸਕੀ। ਕੋਈ ਨਕਦੀ ਜਾਂ ਸੋਨਾ ਮੁਲਜ਼ਮਾਨ ਦੇ ਕਬਜ਼ੇ ’ਚੋਂ ਬਰਾਮਦ ਨਹੀਂ ਹੋਇਆ, ਉਕਤ ਕੇਸ ’ਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।