ਲੰਮਾ ਪਿੰਡ ਵਿਚ ਲੱਗਾ ਏ. ਟੀ. ਐੱਮ. ਤੋੜ ਕੇ 17 ਲੱਖ ਦੀ ਨਕਦੀ ਲੁੱਟੀ

Wednesday, Sep 18, 2024 - 06:19 PM (IST)

ਹਠੂਰ/ਰਾਏਕੋਟ (ਸਰਬਜੀਤ ਭੱਟੀ/ ਭੱਲਾ) : ਬੀਤੀ ਰਾਤ ਪਿੰਡ ਲੰਮੇ 'ਚ ਅਣਪਛਾਤੇ ਲੁਟੇਰਿਆਂ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਏ.ਟੀ.ਐੱਮ ਨੂੰ ਭੰਨ ਕੇ 17 ਲੱਖ 14500 ਰੁਪਏ ਦੀ ਵੱਡੀ ਰਕਮ ਲੁੱਟ ਲੈਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਰਿਸ਼ਭ ਅੱਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ ਬੈਂਕ ਦੇ ਨਜ਼ਦੀਕ ਰਹਿੰਦੇ ਵਿਆਕਤੀ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਬੈਂਕ ਦਾ ਏ.ਟੀ.ਐੱਮ. ਟੁੱਟਿਆ ਹੋਇਆ ਹੈ ਅਤੇ ਇਸ ਦੀ ਸੂਚਨਾ ਮਿਲਦੇ ਹੀ ਉਹ ਬੈਂਕ ਪੁੱਜੇ ਅਤੇ ਚੋਰੀ ਦੀ ਘਟਨਾ ਸੰਬੰਧੀ ਮਾਮਲਾ ਪੁਲਸ ਅਧਿਕਾਰੀਆਂ ਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ। ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਰਾਏਕੋਟ ਰਛਪਾਲ ਸਿੰਘ ਢੀਂਡਸਾ, ਥਾਣਾ ਸਦਰ ਰਾਏਕੋਟ ਦੇ ਇੰਚਾਰਜ ਨਰਿੰਦਰ ਸਿੰਘ, ਡੀ.ਐੱਸ.ਪੀ. (ਡੀ) ਸੰਦੀਪ ਵਡੇਰਾ, ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਐੱਸ.ਐੱਚ.ਓ. ਹਠੂਰ ਗੁਲਜਿੰਦਰਪਾਲ ਸਿੰਘ ਸੇਖੋਂ ਤੇ ਫੋਰੈਂਸਿਕ ਟੀਮ ਦੇ ਮੈਂਬਰ ਨੇ ਮੌਕੇ 'ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਬੈਂਕ ਮੈਨੇਜਰ ਰਿਸ਼ਭ ਅੱਗਰਵਾਲ ਨੇ ਦੱਸਿਆ ਕਿ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਨੇੜਲੇ ਘਰਾਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਤੇ ਸਪਰੇਅ ਕਰ ਦਿੱਤੀ ਤੇ ਕਈ ਕੈਮਰਿਆਂ ਦੀ ਭੰਨਤੋੜ ਵੀ ਕੀਤੀ। 

ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਵਾਰਦਾਤ, ਸਹੇਲੀ ਦੀ ਅਸ਼ਲੀਲ ਵੀਡੀਓ ਨੇ ਕਰਾ 'ਤਾ ਕਤਲ

ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਬੱਸੀਆਂ ਤੋਂ ਚੋਰੀ ਹੋਏ ਗੈਸ ਸਿਲੰਡਰ ਦੀ ਮਦਦ ਨਾਲ ਏ.ਟੀ.ਐੱਮ. ਦਾ ਸ਼ਟਰ ਤੋੜ ਕੇ ਅੰਦਰ ਲੱਗੀ ਏ.ਟੀ.ਐੱਮ. ਮਸ਼ੀਨ ਨੂੰ ਵੀ ਗੈਸ ਕਟਰ ਦੀ ਮਦਦ ਨਾਲ ਭੰਨਿਆ ਅਤੇ ਉਸ ਵਿਚੋਂ ਲੁਟੇਰੇ 1714500 ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ।  ਉਨ੍ਹਾਂ ਦੱਸਿਆ ਕਿ ਬੈਂਕ ਦੇ ਸੀ.ਸੀ.ਟੀ.ਵੀ. ਕੈਮਰਿਆਂ ਅਨੁਸਾਰ ਲੁਟੇਰਿਆਂ ਵਲੋਂ ਰਾਤ 1.36 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਕੈਮਰਿਆਂ 'ਤੇ ਸਪਰੇਅ ਕੀਤੀ ਹੋਣ ਕਰਕੇ ਕੁਝ ਸਾਫ ਦਿਖਾਈ ਨਹੀਂ ਦੇ ਰਿਹਾ ਹੈ। ਲੁਟੇਰਿਆਂ ਵੱਲੋਂ ਇਸੇ ਪਿੰਡ ਵਿਚ ਇਕ ਹੋਰ ਪ੍ਰਾਈਵੇਟ ਬੈਂਕ ਇੰਡਸਇੰਡ ਦੇ ਜਿੰਦਰੇ ਵੀ ਤੋੜੇ ਜਾਣ ਦੀ ਸੂਚਨਾ ਵੀ ਮਿਲੀ ਹੈ, ਜਿਸ ਦੀ ਪੁਸ਼ਟੀ ਡੀ.ਐੱਸ.ਪੀ. ਰਛਪਾਲ ਸਿੰਘ ਨੇ ਕਰਦਿਆਂ ਦੱਸਿਆ ਕਿ ਇਸ ਬੈਂਕ ਵਿਚ ਲੁਟੇਰੇ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਸਕੇ। ਮੌਕੇ ’ਤੇ ਪੁੱਜੇ ਡੀ.ਐੱਸ.ਪੀ. (ਡੀ) ਸੰਦੀਪ ਵਡੇਰਾ ਨੇ ਦੱਸਿਆ ਕਿ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਜਾਂਚ ਵਿਚ ਜੁਟ ਗਈਆਂ ਹਨ ਅਤੇ ਜਲਦ ਹੀ ਲੁਟੇਰੇ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ

 


Gurminder Singh

Content Editor

Related News