ਕਾਰ ''ਚ ਵੜ ਗਿਆ Cobra ਸੱਪ! ਪੈ ਗਏ ਪੜਥੂ

Tuesday, Jan 27, 2026 - 06:24 PM (IST)

ਕਾਰ ''ਚ ਵੜ ਗਿਆ Cobra ਸੱਪ! ਪੈ ਗਏ ਪੜਥੂ

ਖੰਨਾ (ਵਿਪਨ): ਖੰਨਾ ਦੇ ਸਮਰਾਲਾ ਰੋਡ 'ਤੇ ਪੰਜਾਬੀ ਬਾਗ ਕਾਲੋਨੀ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕ ਘਰ ਵਿਚ ਖੜ੍ਹੀ ਕਾਰ ਵਿਚ ਇਕ ਜ਼ਹਿਰੀਲਾ ਕੋਬਰਾ ਸੱਪ ਵੜ ਗਿਆ। ਜਿਵੇਂ ਹੀ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ, ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪਰਿਵਾਰ ਦੇ ਮੈਂਬਰ ਡਰ ਕੇ ਘਰੋਂ ਬਾਹਰ ਨਿਕਲ ਆਏ ਅਤੇ ਆਂਢ-ਗੁਆਂਢ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਵਿਗਿਆਨ ਅਧਿਆਪਕ ਰਜਿੰਦਰ ਸਿੰਘ ਨੇ ਕਿਹਾ ਕਿ ਉਹ ਸਵੇਰੇ ਆਪਣੇ ਪੋਤੇ-ਪੋਤੀਆਂ ਨੂੰ ਛੱਡਣ ਤੋਂ ਬਾਅਦ ਘਰ ਵਾਪਸ ਆਇਆ ਸੀ ਤੇ ਫਿਰ ਉਸ ਨੇ ਆਪਣੀ ਕਾਰ ਅੰਦਰ ਖੜ੍ਹੀ ਕਰ ਦਿੱਤੀ। ਕੁਝ ਦੇਰ ਬਾਅਦ ਉਸ ਨੂੰ ਕਾਰ ਦੇ ਅੰਦਰ ਹਿਲਜੁੱਲ ਹੋਣ ਦਾ ਸ਼ੱਕ ਹੋਇਆ। ਧਿਆਨ ਨਾਲ ਦੇਖਣ 'ਤੇ ਉਸ ਨੂੰ ਇਕ ਜ਼ਹਿਰੀਲਾ ਕੋਬਰਾ ਸੱਪ ਕਾਰ ਵਿਚ ਦਿਸਿਆ। ਰਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਪਹਿਲਾਂ ਖੁਦ ਸੱਪ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਇਹ ਬਾਹਰ ਨਹੀਂ ਨਿਕਲਿਆ, ਤਾਂ ਉਸ ਨੇ ਤੁਰੰਤ ਬਚਾਅ ਟੀਮ ਨੂੰ ਸੂਚਿਤ ਕੀਤਾ। ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ।

ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਰ ਨੂੰ ਵਾਸ਼ਿੰਗ ਸੈਂਟਰ ਲਿਜਾਇਆ ਗਿਆ, ਜਿੱਥੇ ਇਸ ਨੂੰ ਜੈੱਕ 'ਤੇ ਚੜ੍ਹਾ ਕੇ ਪੂਰਾ ਜਾਂਚ ਕੀਤੀ ਗਈ। ਲਗਭਗ ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ, ਬਚਾਅ ਟੀਮ ਨੇ ਕਾਰ ਵਿਚੋਂ ਜ਼ਹਿਰੀਲੇ ਕੋਬਰਾ ਨੂੰ ਸੁਰੱਖਿਅਤ ਢੰਗ ਨਾਲ ਕੱਢਿਆ। ਸੱਪ ਨੂੰ ਬਾਅਦ ਵਿਚ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਗਿਆ। ਇਸ ਘਟਨਾ ਦੌਰਾਨ ਪਰਿਵਾਰ ਅਤੇ ਆਸ-ਪਾਸ ਦੇ ਲੋਕ ਡਰ ਗਏ। ਸੱਪ ਨੂੰ ਛੱਡਣ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ।


author

Anmol Tagra

Content Editor

Related News