ਪੰਜਾਬ: ਖੇਡ-ਖੇਡ ''ਚ ਹੋ ਗਿਆ ਕਤਲ! 21 ਸਾਲਾ ਮੁੰਡੇ ਦੀ ਧੌਣ ''ਚੋਂ ਆਰ-ਪਾਰ ਹੋਈ ਗੋਲ਼ੀ

Wednesday, Feb 25, 2026 - 06:36 PM (IST)

ਪੰਜਾਬ: ਖੇਡ-ਖੇਡ ''ਚ ਹੋ ਗਿਆ ਕਤਲ! 21 ਸਾਲਾ ਮੁੰਡੇ ਦੀ ਧੌਣ ''ਚੋਂ ਆਰ-ਪਾਰ ਹੋਈ ਗੋਲ਼ੀ

ਲੁਧਿਆਣਾ (ਰਾਜ): ਲੁਧਿਆਣਾ ਦੇ ਲਕਸ਼ਮੀ ਨਗਰ ਇਲਾਕੇ ਤੋਂ ਰੂਹ-ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇਕ ਫਾਈਨੈਂਸਰ ਦੇ ਦਫ਼ਤਰ ਵਿਚ ਹਾਸੇ-ਮਖ਼ੌਲ ਦੌਰਾਨ ਇਕ ਲਾਇਸੈਂਸੀ ਪਿਸਤੌਲ ਤੋਂ ਅਚਾਨਕ ਗੋਲ਼ੀ ਚੱਲ ਗਈ, ਜਿਸ ਨਾਲ ਇਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ ਵਜੋਂ ਹੋਈ ਹੈ, ਜੋ ਕਿ ਫਾਈਨੈਂਸਰ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਹਾਲਾਂਕਿ, ਪੀੜਤ ਪਰਿਵਾਰ ਨੇ ਕਤਲ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ, ਹੈਬੋਵਾਲ ਪੁਲਸ ਨੇ ਮ੍ਰਿਤਕ ਦੇ ਪਿਤਾ ਮਨੋਜ ਦੇ ਬਿਆਨਾਂ ਦੇ ਆਧਾਰ 'ਤੇ ਪੰਜ ਨੌਜਵਾਨਾਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੌਕੇ ਤੋਂ ਲਾਇਸੈਂਸੀ ਪਿਸਤੌਲ, ਸਿੱਕੇ ਅਤੇ ਗੋਲੇ ਵੀ ਬਰਾਮਦ ਕੀਤੇ ਹਨ।

ਮਿਲੀ ਜਾਣਕਾਰੀ ਮੁਤਾਬਕ, ਫਾਇਨੈਂਸਰ ਮੰਗਲਵਾਰ ਰਾਤ ਆਪਣੀ ਲਾਇਸੈਂਸੀ ਪਿਸਤੌਲ ਦਫ਼ਤਰ ਦੇ ਦਰਾਜ ਵਿਚ ਰੱਖ ਕੇ ਕਿੱਧਰੇ ਬਾਹਰ ਗਿਆ ਸੀ। ਮਗਰੋਂ ਦਫ਼ਤਰ 'ਚ ਮੌਜੂਦ ਦੋ ਮੁਲਾਜ਼ਮ ਪਿਸਤੌਲ ਕੱਢ ਕੇ ਉਸ ਦੇ ਨਾਲ ਖੇਡਣ ਲੱਗ ਪਏ। ਖੇਡ-ਖੇਡ ਵਿਚ ਮਜ਼ਾਕ ਇੰਨਾ ਭਾਰਰੀ ਪੈ ਗਿਆ ਕਿ ਇਕ ਨੌਜਵਾਨ ਨੇ ਦੂਜੇ ਦੀ ਧੌਣ 'ਤੇ ਪਿਸਤੌਲ ਰੱਖ ਕੇ ਟ੍ਰਿਗਰ ਦਬਾ ਦਿੱਤਾ। ਗੋਲ਼ੀ ਸਿੱਧੇ ਨੌਜਵਾਨ ਦੀ ਧੌਣ ਦੇ ਪਿਛਲੇ ਹਿੱਸੇ ਤੋਂ ਆਰ-ਪਾਰ ਹੋ ਗਈ। ਗੰਭੀਰ ਰੂਪ ਨਾਲ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮ ਇੰਨਾ ਡੂੰਘਾ ਸੀ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹੈਬੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


author

Anmol Tagra

Content Editor

Related News