NRI ਨੂੰ ਮਹਿੰਗੀ ਪੈ ਗਈ INSTAGRAM STAR ਨਾਲ ਯਾਰੀ! ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ

Tuesday, Mar 03, 2026 - 03:40 PM (IST)

NRI ਨੂੰ ਮਹਿੰਗੀ ਪੈ ਗਈ INSTAGRAM STAR ਨਾਲ ਯਾਰੀ! ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ

ਲੁਧਿਆਣਾ (ਰਾਜ): ਮਹਾਨਗਰ ਵਿਚ ਸੋਸ਼ਲ ਮੀਡੀਆ ਦੀ ਸ਼ੋਹਰਤ ਹੁਣ ਖੂਨੀ ਰੰਜਿਸ਼ ਦਾ ਸਬੱਬ ਬਣਦੀ ਜਾ ਰਹੀ ਹੈ। ਇਕ ਤਾਜ਼ਾ ਮਾਮਲੇ ਵਿਚ ਟਿੱਬਾ ਰੋਡ ਸਥਿਤ ਪੈਟਰੋਲ ਪੰਪ 'ਤੇ ਕੁਝ ਨੌਜਵਾਨਾਂ ਨੇ ਇਕ NRI ਨੌਜਵਾਨ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ 'ਟੋਨੀ' ਦਾ ਦੋਸਤ ਹੈ। ਹਮਲਾਵਰਾਂ ਨੇ ਨਾ ਸਿਰਫ਼ ਨੌਜਵਾਨ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ਦਾ ਮੋਬਾਈਲ ਖੋਹ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਟਿੱਬਾ ਦੀ ਪੁਲਸ ਨੇ ਮੁੱਖ ਮੁਲਜ਼ਮ 'ਸਟਾਰ ਬੁਆਏ' ਅਤੇ ਉਸ ਦੇ 7-8 ਅਣਪਛਾਤੇ ਸਾਥੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਵਿਚ ਮਾਮਲਾ ਦਰਜ ਕਰ ਲਿਆ ਹੈ।

ਪੀੜਤ ਨੌਜਵਾਨ ਜਤਿਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਦੋਸਤ ਸ਼ਿਵਮ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੈਟਰੋਲ ਪੰਪ 'ਤੇ ਤੇਲ ਪੁਆਉਣ ਗਿਆ ਸੀ। ਉੱਥੇ ਪਹਿਲਾਂ ਤੋਂ ਹੀ ਮੋਟਰਸਾਈਕਲ ਸਵਾਰ 'ਸਟਾਰ ਬੁਆਏ' ਆਪਣੇ 7-8 ਸਾਥੀਆਂ ਦੇ ਨਾਲ ਘਾਤ ਲਗਾ ਕੇ ਖੜ੍ਹਾ ਸੀ। ਜਿਵੇਂ ਹੀ ਪੀੜਤ ਉੱਥੇ ਪਹੁੰਚਿਆ, ਹਮਲਾਵਰਾਂ ਨੇ ਉਸ ਦਾ ਰਸਤਾ ਰੋਕ ਲਿਆ। ਹਮਲਾਵਰਾਂ ਨੇ ਪੀੜਤ ਨੂੰ ਧਮਕਾਉਂਦੇ ਹੋਏ ਕਿਹਾ, "ਤੂੰ ਖੁਦ ਨੂੰ ਬਹੁਤ ਵੱਡਾ ਸਮਝਦਾ ਏਂ? ਤੂੰ ਫੇਮਸ ਇੰਸਟਾਗ੍ਰਾਮ ਬੁਆਏ ਟੋਨੀ ਦੇ ਨਾਲ ਕਿਉਂ ਘੁੰਮਦਾ ਏਂ?"। ਪੀੜਤ ਨੇ ਬਚਾਅ ਵਿਚ ਕਿਹਾ ਕਿ ਉਹ ਅਜੇ ਇਕ ਮਹੀਨਾ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਹੈ ਅਤੇ ਉਸ ਦਾ ਕਿਸੇ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਫਿਰ ਵੀ ਮੁਲਜ਼ਮ 'ਸਟਾਰ ਬੁਆਏ' ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੀੜਤ ਦਾ ਮੋਬਾਈਲ ਫ਼ੋਨ ਵੀ ਖੋਹ ਕੇ ਲੈ ਗਏ ਅਤੇ ਜਾਂਦੇ-ਜਾਂਦੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ।


author

Anmol Tagra

Content Editor

Related News