ਲੁਧਿਆਣਾ ''ਚ ਸ਼ਰਮਨਾਕ ਘਟਨਾ! 7 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰ ਕਮਰੇ ''ਚ ਲੈ ਗਿਆ ਦਰਿੰਦਾ ਤੇ ਫ਼ਿਰ...
Friday, Mar 06, 2026 - 01:58 PM (IST)
ਲੁਧਿਆਣਾ (ਰਾਜ): ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹੋਲੀ ਦੇ ਤਿਉਹਾਰ 'ਤੇ ਇਕ ਦਰਿੰਦੇ ਗੁਆਂਢੀ ਨੇ 7 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮੁਲਜ਼ਮ ਟਿੰਕੂ ਸਿੰਘ ਉਰਫ਼ ਪਿੰਟੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵਾਰਦਾਤ 4 ਮਾਰਚ ਦੀ ਦੁਪਹਿਰ ਕਰੀਬ 3 ਵਜੇ ਦੀ ਹੈ, ਜਦੋਂ ਪੂਰਾ ਇਲਾਕਾ ਹੋਲੀ ਦੇ ਰੰਗਾਂ ਵਿਚ ਰੰਗਿਆ ਹੋਇਆ ਸੀ। ਪੀੜਤ ਬੱਚੀ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਛੋਟੀ ਬੇਟੀ ਘਰ ਦੇ ਬਾਹਰ ਬੱਚਿਆਂ ਨਾਲ ਹੋਲੀ ਖੇਡ ਰਹੀ ਸੀ। ਖੇਡਦੇ-ਖੇਡਦੇ ਜਦੋਂ ਉਸ ਦਾ ਰੰਗ ਖ਼ਤਮ ਹੋ ਗਿਆ ਤਾਂ ਉਹ ਕੋਲ ਹੀ ਸਥਿਤ ਇਕ ਦੁਕਾਨ ਤੋਂ ਨਵਾਂ ਰੰਗ ਖਰੀਦਣ ਲਈ ਗਈ ਸੀ। ਦੋਸ਼ ਹੈ ਕਿ ਜਿਵੇਂ ਹੀ ਬੱਚੀ ਦੁਕਾਨ ਦੇ ਕੋਲ ਪਹੁੰਚੀ, ਉੱਥੇ ਮੌਜੂਦ ਮੁਲਜ਼ਮ ਨੇ ਬੇਰਹਿਮੀ ਨਾਲ ਉਸ ਦੀ ਬਾਂਹ ਫੜੀ ਅਤੇ ਉਸ ਨੂੰ ਘੜੀਸਦੇ ਹੋਏ ਆਪਣੇ ਕਮਰੇ ਦੇ ਅੰਦਰ ਲੈ ਗਿਆ। ਬੰਦ ਕਮਰੇ ਦੇ ਅੰਦਰ ਮੁਲਜ਼ਮ ਨੇ ਨੰਨ੍ਹੀ ਜਾਨ ਨਾਲ ਬੇਹੱਦ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਦੀ ਪੱਤ ਲੁੱਟਣ ਦੀ ਕੋਸ਼ਿਸ਼ ਕੀਤੀ।
ਬੱਚੀ ਦੇ ਸ਼ੋਰ ਮਚਾਉਣ 'ਤੇ ਮੁਲਜ਼ਮ ਫਰਾਰ ਹੋ ਗਿਆ। ਬੱਚੀ ਵੱਲੋਂ ਰੋਂਦੋ-ਰੋਂਦੇ ਪਰਿਵਾਰਕ ਮੈਂਬਰਾਂ ਨੂੰ ਹੱਢਬੀਤੀ ਸੁਣਾਉਣ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪੱਖ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
