ਹੱਦ ਹੋ ਗਈ! ਨਕਦੀ ਤੇ ਗਹਿਣਿਆਂ ਦੇ ਨਾਲ-ਨਾਲ ਭਾਂਡੇ ਵੀ ਚੁੱਕ ਕੇ ਲੈ ਗਏ ਚੋਰ
Thursday, Feb 26, 2026 - 01:23 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਬੇਖੌਫ਼ ਚੋਰਾਂ ਦਾ ਤਾਂਡਵ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਹਿਰ ਵਿਚ ਆਏ ਦਿਨ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਨੇ ਹੁਣ ਇਕ ਹੋਰ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਸ ਗਸ਼ਤ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਤਾਜ਼ਾ ਮਾਮਲੇ ਵਿਚ ਇਕ ਪਰਿਵਾਰ ਜਦੋਂ ਘਰ ਨੂੰ ਤਾਲਾ ਲਗਾ ਕੇ ਰਾਜਸਥਾਨ ਦੇ ਜੋਧਪੁਰ ਗਿਆ ਹੋਇਆ ਸੀ, ਤਾਂ ਪਿੱਛੇ ਤੋਂ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਮਾਲ 'ਤੇ ਹੱਥ ਸਾਫ਼ ਕਰ ਦਿੱਤਾ। ਸੂਚਨਾ ਮਿਲਦੇ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹ ਤੁਰੰਤ ਲੁਧਿਆਣਾ ਵਾਪਸ ਪਰਤੇ।
ਮੁੰਡੀਆਂ ਕਲਾਂ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਵਿਕਾਸ ਗੁਪਤਾ ਮੁਤਾਬਕ, ਉਹ ਬੀਤੀ 21 ਫਰਵਰੀ ਨੂੰ ਆਪਣੇ ਪੂਰੇ ਪਰਿਵਾਰ ਨਾਲ ਘਰ ਨੂੰ ਚੰਗੀ ਤਰ੍ਹਾਂ ਤਾਲਾ ਲਗਾ ਕੇ ਜੋਧਪੁਰ ਗਏ ਹੋਏ ਸਨ। ਅਜੇ ਉਹ ਉੱਥੇ ਪਹੁੰਚੇ ਹੀ ਸਨ ਕਿ ਉਸੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਜਾਣਕਾਰ ਰਾਹੁਲ ਦਾ ਫ਼ੋਨ ਆਇਆ। ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਅੰਦਰ ਚੋਰੀ ਹੋ ਚੁੱਕੀ ਹੈ। ਇਹ ਖ਼ਬਰ ਸੁਣਦੇ ਹੀ ਉਹ ਆਨਣ-ਫ਼ਾਨਣ ਵਿਚ ਵਾਪਸ ਆਪਣੇ ਘਰ ਪਹੁੰਚਿਆ।
ਜਦੋਂ ਪੀੜਤ ਪਰਿਵਾਰ ਨੇ ਘਰ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀਆਂ ਦੇ ਲਾਕਰ ਟੁੱਟੇ ਹੋਏ ਸਨ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਸ਼ਾਤਰ ਚੋਰ ਅਲਮਾਰੀਆਂ ਵਿਚ ਰੱਖੇ ਸੋਨੇ-ਚਾਂਦੀ ਦੇ ਕੀਮਤੀ ਗਹਿਣੇ, ਵੱਡੀ ਮਾਤਰਾ ਵਿਚ ਨਕਦੀ, ਸਿੱਕੇ ਅਤੇ ਚਾਂਦੀ ਦੇ ਬਰਤਨ ਚੋਰੀ ਕਰਕੇ ਲੈ ਗਏ ਹਨ। ਇੰਨਾ ਹੀ ਨਹੀਂ, ਚੋਰਾਂ ਨੇ ਘਰ ਵਿਚ ਰੱਖਿਆ ਇਕ ਮੋਬਾਈਲ ਫ਼ੋਨ ਵੀ ਨਹੀਂ ਛੱਡਿਆ ਅਤੇ ਉਸ ਨੂੰ ਵੀ ਨਾਲ ਲੈ ਉੱਡੇ। ਪੀੜਤ ਨੇ ਤੁਰੰਤ ਇਸ ਚੋਰੀ ਦੀ ਜਾਣਕਾਰੀ ਥਾਣਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਜਮਾਲਪੁਰ ਪੁਲਸ ਟੀਮ ਨੇ ਫਿੰਗਰਪ੍ਰਿੰਟ ਐਕਸਪਰਟਸ ਦੀ ਮਦਦ ਨਾਲ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਹੀ ਹੈ ਤਾਂ ਜੋ ਚੋਰਾਂ ਦੇ ਰੂਟ ਅਤੇ ਉਨ੍ਹਾਂ ਦੀ ਪਛਾਣ ਦਾ ਪਤਾ ਲਗਾਇਆ ਜਾ ਸਕੇ।
