ਹੱਦ ਹੋ ਗਈ! ਘਰ ''ਚ ਵੜ ਕੇ ਬਾਦਾਮ ਅਤੇ ਬਿਸਕੁਟ ਚੋਰੀ ਕਰ ਕੇ ਲੈ ਗਏ ਚੋਰ

Tuesday, Mar 03, 2026 - 05:19 PM (IST)

ਹੱਦ ਹੋ ਗਈ! ਘਰ ''ਚ ਵੜ ਕੇ ਬਾਦਾਮ ਅਤੇ ਬਿਸਕੁਟ ਚੋਰੀ ਕਰ ਕੇ ਲੈ ਗਏ ਚੋਰ

ਲੁਧਿਆਣਾ (ਰਾਜ): ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਇਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਘਰ ਦੀ ਅਲਮਾਰੀ ਵਿਚੋਂ ਸੋਨੇ ਅਤੇ ਨਕਦੀ ਦੇ ਨਾਲ-ਨਾਲ ਰਸੋਈ ਅਤੇ ਫਰਿੱਜ ਵਿਚ ਰੱਖੇ ਬਾਦਾਮ ਅਤੇ ਵਿਦੇਸ਼ੀ ਬਿਸਕੁਟਾਂ ਤੱਕ ਨੂੰ ਨਹੀਂ ਬਖਸ਼ਿਆ। ਘਟਨਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਸੰਪੂਰਨ ਸਿੰਘ ਅਨੁਸਾਰ, ਇਹ ਪੂਰੀ ਵਾਰਦਾਤ 24 ਫਰਵਰੀ ਤੋਂ 27 ਫਰਵਰੀ ਦੇ ਵਿਚਕਾਰ ਅੰਜਾਮ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਗਿਰੋਹ ਵਿਚ 1 ਅਣਪਛਾਤਾ ਨੌਜਵਾਨ ਅਤੇ 2 ਮਹਿਲਾਵਾਂ ਸ਼ਾਮਲ ਸਨ। ਮੁਲਜ਼ਮਾਂ ਬੜੀ ਚਾਲਾਕੀ ਨਾਲ ਘਰ 'ਚ ਵੜੇ ਕਮਰੇ ਵਿਚ ਰੱਖੀ ਅਲਮਾਰੀ ਦੇ ਤਾਲੇ ਤੋੜ ਦਿੱਤੇ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਚੋਰ ਅਲਮਾਰੀ ਵਿੱਚੋਂ ਸੋਨੇ ਦੇ 2 ਪੈਂਡੈਂਟ ਅਤੇ 1 ਸੋਨੇ ਦੀ ਅੰਗੂਠੀ, 10 ਗ੍ਰਾਮ ਵਜ਼ਨ ਦਾ ਚਾਂਦੀ ਦਾ ਸਿੱਕਾ, 400 ਤੋਂ 500 ਆਸਟ੍ਰੇਲੀਅਨ ਡਾਲਰ, 2 ਲੱਖ ਰੁਪਏ ਦੀ ਨਕਦੀ, ਚੋਰੀ ਕਰਕੇ ਲੈ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ ਸਿਰਫ਼ ਕੀਮਤੀ ਸਾਮਾਨ ਹੀ ਨਹੀਂ ਚੁਰਾਇਆ, ਸਗੋਂ ਘਰੋਂ ਖਾਣ-ਪੀਣ ਦੀਆਂ ਚੀਜ਼ਾਂ ਵੀ ਚੁੱਕ ਕੇ ਲੈ ਗਏ। ਚੋਰੀ ਹੋਏ ਸਾਮਾਨ ਵਿੱਚ 2 ਕਿਲੋ ਬਾਦਾਮ, 2 ਕਿਲੋ ਪੀਕਨ ਅਤੇ ਟਿਮਟੈਮ ਬਿਸਕੁਟ ਦੇ ਪੈਕਟ ਵੀ ਸ਼ਾਮਲ ਹਨ। ਪੁਲਸ ਨੂੰ ਅੰਦੇਸ਼ਾ ਹੈ ਕਿ ਇਸ ਵਾਰਦਾਤ ਵਿੱਚ ਕਿਸੇ ਰੇਕੀ ਕਰਨ ਵਾਲੇ ਗੈਂਗ ਦਾ ਹੱਥ ਹੋ ਸਕਦਾ ਹੈ, ਕਿਉਂਕਿ ਚੋਰਾਂ ਨੂੰ ਪਤਾ ਸੀ ਕਿ ਘਰ ਵਿਚ ਵਿਦੇਸ਼ੀ ਸਾਮਾਨ ਅਤੇ ਨਕਦੀ ਕਿੱਥੇ ਰੱਖੀ ਹੈ। ਪੁਲਸ ਹੁਣ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਉਨ੍ਹਾਂ ਦੋ ਮਹਿਲਾਵਾਂ ਅਤੇ ਨੌਜਵਾਨ ਦੀ ਪਛਾਣ ਕੀਤੀ ਜਾ ਸਕੇ।


author

Anmol Tagra

Content Editor

Related News