ਲੁਧਿਆਣਾ: ਗੁੰਡਾਗਰਦੀ ਦਾ ਨੰਗਾ ਨਾਚ, ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ''ਤੇ ਬਦਮਾਸ਼ਾਂ ਨੇ ਘਰ ''ਚ ਵੜ ਕੇ ਕੀਤਾ ਹਮਲਾ

Saturday, Mar 07, 2026 - 07:10 PM (IST)

ਲੁਧਿਆਣਾ: ਗੁੰਡਾਗਰਦੀ ਦਾ ਨੰਗਾ ਨਾਚ, ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ''ਤੇ ਬਦਮਾਸ਼ਾਂ ਨੇ ਘਰ ''ਚ ਵੜ ਕੇ ਕੀਤਾ ਹਮਲਾ

ਲੁਧਿਆਣਾ, (ਰਾਜ)- ਮਹਾਨਗਰ ਵਿੱਚ ਗੁੰਡਾਗਰਦੀ ਦਾ ਗ੍ਰਾਫ ਇਸ ਕਦਰ ਵਧ ਚੁੱਕਾ ਹੈ ਕਿ ਹੁਣ ਲੋਕਾਂ ਦਾ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਰਹਿਣਾ ਮੁਸ਼ਕਿਲ ਹੋ ਗਿਆ ਹੈ। ਤਾਜ਼ਾ ਮਾਮਲਾ ਇੱਕ ਘਰ ਵਿੱਚ ਵੜ ਕੇ ਪਤੀ-ਪਤਨੀ 'ਤੇ ਜਾਨਲੇਵਾ ਹਮਲਾ ਕਰਨ ਦਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਨਾ ਸਿਰਫ਼ ਘਰ ਵਿੱਚ ਵੜ ਕੇ ਕੁੱਟਮਾਰ ਕੀਤੀ, ਸਗੋਂ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਪੂਰੇ ਮੁਹੱਲੇ ਵਿੱਚ ਦਹਿਸ਼ਤ ਫੈਲਾ ਦਿੱਤੀ।

ਪੀੜਤਾ ਪਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਇਹ ਘਟਨਾ 4 ਮਾਰਚ ਦੀ ਹੈ। ਉਸ ਸਮੇਂ ਉਹ ਅਤੇ ਉਸਦਾ ਪਤੀ ਭੁਪਿੰਦਰ ਸਿੰਘ ਘਰ ਵਿੱਚ ਸਨ, ਜਦੋਂ ਸਾਹਿਲ, ਕੇਸ਼ਵ ਅਤੇ ਗੌਰਵ ਨਾਮਕ ਨੌਜਵਾਨ ਆਪਣੇ 10-12 ਅਣਪਛਾਤੇ ਸਾਥੀਆਂ ਨਾਲ ਪਹੁੰਚੇ। ਮੁੱਖ ਮੁਲਜ਼ਮ ਸਾਹਿਲ ਨੇ ਆਉਂਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪੁੱਛਣ ਲੱਗਾ ਕਿ ਉਨ੍ਹਾਂ ਨੇ ਆਪਣੀ ਧੀ ਨਾਲ ਛੇੜਛਾੜ ਕਰਨ ਦਾ ਦੋਸ਼ ਉਸ 'ਤੇ ਕਿਉਂ ਲਗਾਇਆ।

ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੇ ਹੱਥਾਂ ਵਿੱਚ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਭੁਪਿੰਦਰ ਸਿੰਘ ਨੂੰ ਬੇਰਹਿਮੀ ਨਾਲ ਪਿੱਟਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਪਤਨੀ ਬਚਾਅ ਲਈ ਅੱਗੇ ਆਈ ਤਾਂ ਉਸ ਨਾਲ ਵੀ ਜੰਮ ਕੇ ਕੁੱਟਮਾਰ ਕੀਤੀ ਗਈ। ਚੀਕ-ਪੁਕਾਰ ਸੁਣ ਕੇ ਜਦੋਂ ਗੁਆਂਢੀ ਪ੍ਰੀਤਮ ਸਿੰਘ ਅਤੇ ਲਵਪ੍ਰੀਤ ਸਿੰਘ ਛੁਡਾਉਣ ਲਈ ਆਏ, ਤਾਂ ਗੁੰਡਿਆਂ ਨੇ ਉਨ੍ਹਾਂ 'ਤੇ ਵੀ ਡੰਡੇ ਵਰ੍ਹਾ ਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਸਾਹਿਲ, ਕੇਸ਼ਵ ਅਤੇ ਗੌਰਵ ਸਮੇਤ 10-12 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।


author

Rakesh

Content Editor

Related News