ਨੈਸ਼ਨਲ ਹਾਈਵੇਅ ''ਤੇ ਹਾਦਸਾ, ਮਦਦ ਕਰਨ ਦੇ ਬਹਾਨੇ ਡਰਾਈਵਰ ਨੂੰ ਲੁੱਟ ਗਏ ਲੁਟੇਰੇ

Monday, Mar 02, 2026 - 01:24 PM (IST)

ਨੈਸ਼ਨਲ ਹਾਈਵੇਅ ''ਤੇ ਹਾਦਸਾ, ਮਦਦ ਕਰਨ ਦੇ ਬਹਾਨੇ ਡਰਾਈਵਰ ਨੂੰ ਲੁੱਟ ਗਏ ਲੁਟੇਰੇ

ਲੁਧਿਆਣਾ (ਰਾਜ): ਲੁਧਿਆਣਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਾਸੇ ਸੜਕ ਹਾਦਸੇ ਵਿਚ ਜ਼ਖ਼ਮੀ ਦੀ ਮਦਦ ਲਈ ਲੋਕ ਹੱਥ ਵਧਾਉਂਦੇ ਹਨ, ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਨੇ ਮਦਦ ਦੇ ਬਹਾਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਘਟਨਾ ਟਿੱਬਾ ਰੋਡ ਦੇ ਕੋਲ ਨੈਸ਼ਨਲ ਹਾਈਵੇਅ ਦੀ ਹੈ, ਜਿੱਥੇ ਦੇਰ ਰਾਤ ਇਕ ਕੈਂਟਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਕੁਝ ਲੋਕ ਚਾਲਕ ਦੀ ਮਦਦ ਲਈ ਰੁਕੇ।

ਇਸੇ ਦੌਰਾਨ ਦੋ ਨੌਜਵਾਨ ਕੈਂਟਰ ਚਾਲਕ ਵਰਿੰਦਰ ਕੁਮਾਰ ਦੇ ਕੋਲ ਪਹੁੰਚੇ ਅਤੇ ਉਸ ਨੂੰ ਸੰਭਾਲਣ ਦੇ ਬਹਾਨੇ ਸੜਕ ਤੋਂ ਹਟਾ ਕੇ ਨੇੜੇ ਹੀ ਇਕ ਗਲੀ ਵਿਚ ਲੈ ਗਏ। ਡਰਾਈਵਰ ਨੂੰ ਲੱਗਿਆ ਕਿ ਉਹ ਉਸ ਦੀ ਮਦਦ ਕਰ ਰਹੇ ਹਨ, ਪਰ ਗਲੀ ਦੇ ਹਨੇਰੇ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਦਰਿੰਦਿਆਂ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ। ਮੁਲਜ਼ਮਾਂ ਨੇ ਜ਼ਖ਼ਮੀ ਅਤੇ ਡਰੇ ਹੋਏ ਡਰਾਈਵਰ ਨੂੰ ਘੇਰ ਲਿਆ ਅਤੇ ਉਸ ਤੋਂ ਮੋਬਾਈਲ ਫ਼ੋਨ ਤੇ ਨਕਦੀ ਲੁੱਟ ਲਈ ਅਤੇ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਡਰਾਈਵਰ ਨੇ ਹਿੰਮਤ ਜੁਟਾ ਕੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਸੱਟ ਲੱਗੀ ਹੋਣ ਕਾਰਨ ਉਹ ਉਨ੍ਹਾਂ ਨੂੰ ਫੜ ਨਹੀਂ ਸਕਿਆ। ਉੱਥੇ ਹੀ ਮੌਕੇ 'ਤੇ ਮੌਜੂਦ ਹੋਰ ਰਾਹਗੀਰਾਂ ਨੂੰ ਲੱਗਿਆ ਕਿ ਡਰਾਈਵਰ ਸ਼ਾਇਦ ਪੁਲਸ ਦੇ ਡਰ ਤੋਂ ਐਕਸੀਡੈਂਟ ਤੋਂ ਬਾਅਦ ਫ਼ਰਾਰ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੀ.ਸੀ.ਆਰ. ਮੌਕੇ 'ਤੇ ਪਹੁੰਚ ਗਈ।

ਜਦੋਂ ਚਾਲਕ ਵਰਿੰਦਰ ਕੁਮਾਰ ਨੇ ਆਪਬੀਤੀ ਸੁਣਾਈ ਤਾਂ ਸਭ ਦੰਗ ਰਹਿ ਗਏ। ਉਸ ਨੇ ਦੱਸਿਆ ਕਿ ਸਾਹਮਣੇ ਤੋਂ ਅਚਾਨਕ ਆਏ ਇਕ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿਚ ਉਸ ਦਾ ਕੈਂਟਰ ਡਿਵਾਈਡਰ ਨਾਲ ਟਕਰਾਇਆ ਸੀ। ਐਕਸੀਡੈਂਟ ਕਾਰਨ ਕੈਂਟਰ ਦਾ ਇੰਜਣ ਆਇਲ ਪੂਰੀ ਸੜਕ 'ਤੇ ਫੈਲ ਗਿਆ ਸੀ, ਜਿਸ ਨਾਲ ਹੋਰ ਵਾਹਨਾਂ ਦੇ ਫਿਸਲਣ ਦਾ ਖ਼ਤਰਾ ਪੈਦਾ ਹੋ ਗਿਆ ਸੀ। ਇਸ ਲਈ ਉਹ ਵਾਹਨਾਂ ਨੂੰ ਸਾਈਡ ਕਰਨ ਲੱਗਾ ਤਾਂ ਦੋ ਨੌਜਵਾਨ ਮਦਦ ਦੇ ਬਹਾਨੇ ਉਸ ਨੂੰ ਸਾਈਡ 'ਤੇ ਲੈ ਗਏ ਅਤੇ ਉਸ ਤੋਂ ਕੈਸ਼ ਅਤੇ ਮੋਬਾਈਲ ਖੋਹ ਲਿਆ। ਮੌਕੇ 'ਤੇ ਪਹੁੰਚੇ ਪੀ.ਸੀ.ਆਰ. ਕਰਮੀ ਸਤਨਾਮ ਸਿੰਘ ਨੇ ਦੱਸਿਆ ਕਿ ਤੇਲ ਡਿੱਗਣ ਕਾਰਨ ਤੁਰੰਤ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਹੋ ਸਕੇ। ਪੁਲਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।
 


author

Anmol Tagra

Content Editor

Related News