ਹਜ਼ੂਰ ਸਾਹਿਬ ਮੱਥਾ ਟੇਕਣ ਗਿਆ ਸੀ ਟੱਬਰ, ਮਗਰੋਂ ਨਕਦੀ ਤੇ ਚਾਂਦੀ ਦੇ ਨਾਲ-ਨਾਲ ਟੂਟੀਆਂ ਤਕ ਪੁੱਟ ਕੇ ਲੈ ਗਏ ਚੋਰ
Tuesday, Mar 10, 2026 - 02:25 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਨਹੀਂ ਝਿਜਕ ਰਹੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਰਿਵਾਰ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਮੱਥਾ ਟੇਕਣ ਗਿਆ ਸੀ, ਪਰ ਪਿੱਛੋਂ ਚੋਰਾਂ ਨੇ ਉਨ੍ਹਾਂ ਦੇ ਘਰ ਦੇ ਤਾਲੇ ਤੋੜ ਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਮਾਮਲੇ ਵਿਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ।
ਘਰ ਦੇ ਮਾਲਕ ਹਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਬੀਤੇ ਦਿਨੀਂ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਦਰਸ਼ਨਾਂ ਲਈ ਗਿਆ ਸੀ। ਜਦੋਂ ਉਹ ਵਾਪਸ ਪਰਤਿਆ ਤਾਂ ਘਰ ਦਾ ਨਜ਼ਾਰਾ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਅਲਮਾਰੀਆਂ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਪੀੜਤ ਮੁਤਾਬਕ ਚੋਰ ਘਰੋਂ ਕਰੀਬ 1,50,000 ਰੁਪਏ ਦੀ ਨਕਦੀ, ਜ਼ਰੂਰੀ ਦਸਤਾਵੇਜ਼, 500 ਗ੍ਰਾਮ ਚਾਂਦੀ ਦੇ ਬਰਤਨ, ਕੀਮਤੀ ਕੱਪੜੇ ਅਤੇ ਇੱਥੋਂ ਤੱਕ ਕਿ ਬਾਥਰੂਮ ਦੀਆਂ ਟੂਟੀਆਂ ਤੱਕ ਪੁੱਟ ਕੇ ਲੈ ਗਏ। ਜਦੋਂ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਜਿਸ ਵਿਚ ਦੋ ਅਣਪਛਾਤੇ ਵਿਅਕਤੀ ਚੋਰੀ ਦਾ ਸਾਮਾਨ ਸਮੇਟ ਕੇ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਥਾਣਾ ਪੁਲਸ ਨੇ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਚੋਰਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
